IPS Suicide case: ਦੇਸ਼ ਵਿੱਚ ਦਲਿਤਾਂ ’ਤੇ ਅੱਤਿਆਚਾਰ ਹੋ ਰਿਹੈ: ਰਾਹੁਲ ਗਾਂਧੀ
IPS Suicide case: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਆਈਪੀਐੱਸ ਅਧਿਕਾਰੀ ਮਰਹੂਮ ਵਾਈ. ਪੂਰਨ ਕੁਮਾਰ ਦੀ ਆਈਏਐੱਸ ਪਤਨੀ ਅਮਨੀਤ ਪੀ.ਕੁਮਾਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।
ਇਸ ਮੁਲਾਕਾਤ ਮਗਰੋਂ ਆਈਏਐੱਸ ਅਧਿਕਾਰੀ ਦੀ ਰਿਹਾਇਸ਼ ਦੇ ਬਾਹਰ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ’ਤੇ ਅੱਤਿਆਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਪਰਿਵਾਰ ਦਾ ਨਹੀਂ ਬਲਕਿ ਦੇਸ਼ ਦੇ ਕਰੋੜਾਂ ਦਲਿਤਾਂ ਨਾਲ ਜੁੜਿਆ ਹੋਇਆ ਮਸਲਾ ਹੈ।
ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਤੋਂ ਸਾਫ਼ ਹੈ ਕਿ ਕਿਵੇਂ ਇੱਕ ਅਧਿਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪ੍ਰੇਸ਼ਾਨੀ ਦੇ ਇਸੇ ਦਬਾਅ ਵਿਚ ਆ ਕੇ ਆਈਪੀਐੱਸ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ।
ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰ ਨਾਲ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਵਾਈ. ਪੂਰਨ ਕੁਮਾਰ ਦਾ ਸਸਕਾਰ ਕਰਵਾਇਆ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਵੀ ਇਹੀ ਮੰਗ ਹੈ ਕਿ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਅਤੇ ਉਕਤ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭੁਪਿੰਦਰ ਹੁੱਡਾ, ਕੁਮਾਰੀ ਸ਼ੈਲਜਾ ਤੇ ਹਰਿਆਣਾ ਕਾਂਗਰਸ ਨਾਲ ਸਬੰਧਤ ਹੋਰ ਆਗੂ ਵੀ ਮੌਜੂਦ ਸਨ। ਆਈਪੀਐੱਸ ਅਧਿਕਾਰੀ ਵਾਈ.ਪੂਰਨ ਕੁਮਾਰ ਨੇ ਪਿਛਲੇ ਹਫ਼ਤੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਖ਼ੁਦਕੁਸ਼ੀ ਕਰ ਲਈ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਅਮਨੀਤ ਪੀ.ਕੁਮਾਰ ਨਾਲ ਗੱਲ ਕੀਤੀ ਤਾਂ ਮਹਿਸੂਸ ਕੀਤਾ ਕਿ ਪਰਿਵਾਰ ਕਿਸ ਦਰਦ ’ਚੋਂ ਲੰਘ ਰਿਹਾ ਹੈ। ਉਨ੍ਹਾ ਕਿਹਾ, ‘‘ਇਕ ਭੈਣ ਨੇ ਆਪਣੇ ਪਤੀ ਨੂੰ ਤੇ ਦੋ ਧੀਆਂ ਨੇ ਆਪਣੇ ਪਿਤਾ ਨੂੰ ਗੁਆਇਆ ਹੈ।’’ ਰਾਹੁਲ ਗਾਂਧੀ ਨੇ ਕਿਹਾ, "ਇਹ ਸਿਰਫ਼ ਖੁਦਕੁਸ਼ੀ ਨਹੀਂ ਹੈ, ਇਹ ਇੱਕ ਅਸੰਵੇਦਨਸ਼ੀਲ ਪ੍ਰਣਾਲੀ ਅਤੇ ਜਾਤੀ ਭੇਦਭਾਵ ਦੀ ਅਸਫਲਤਾ ਦਾ ਸਿੱਟਾ ਹੈ। ਇੱਕ ਇਮਾਨਦਾਰ ਅਧਿਕਾਰੀ, ਜਿਸ ਨੇ ਸਾਰੀ ਉਮਰ ਕਾਨੂੰਨ ਅਤੇ ਨਿਆਂ ਲਈ ਕੰਮ ਕੀਤਾ, ਉਸੇ ਪ੍ਰਣਾਲੀ ਦੁਆਰਾ ਟੁੱਟ ਗਿਆ।" ਉਨ੍ਹਾਂ ਕਿਹਾ ਕਿ ਕਾਂਗਰਸ ਇਸ ਲੜਾਈ ਨੂੰ ਰਾਸ਼ਟਰੀ ਪੱਧਰ 'ਤੇ ਲੈ ਜਾਵੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਦਲਿਤ ਭਾਈਚਾਰੇ ਨੂੰ ਗਲਤ ਸੁਨੇਹਾ
ਰਾਹੁਲ ਗਾਂਧੀ ਨੇ ਕਿਹਾ ਕਿ ਇਸ ਘਟਨਾ ਨੇ ਦੇਸ਼ ਭਰ ਦੇ ਦਲਿਤਾਂ ਨੂੰ ਬਹੁਤ ਗਲਤ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ, "ਇਸ ਨਾਲ ਦਲਿਤ ਭਾਈਚਾਰੇ ਦੇ ਹਰ ਮੈਂਬਰ ਨੂੰ ਦੁੱਖ ਹੋ ਰਿਹਾ ਹੈ। ਇਸ ਘਟਨਾ ਨਾਲ ਇਹ ਸੁਨੇਹਾ ਗਿਆ ਹੈ ਕਿ ਭਾਵੇਂ ਉਹ ਕਿੰਨੇ ਵੀ ਸਮਰੱਥ, ਬੁੱਧੀਮਾਨ ਜਾਂ ਮਿਹਨਤੀ ਕਿਉਂ ਨਾ ਹੋਣ, ਜੇਕਰ ਉਹ ਦਲਿਤ ਹਨ, ਤਾਂ ਉਨ੍ਹਾਂ ਨੂੰ ਦਬਾਇਆ ਅਤੇ ਕੁਚਲਿਆ ਜਾ ਸਕਦਾ ਹੈ। ਇਹ ਕਿਸੇ ਵੀ ਹਾਲਾਤ ਵਿੱਚ ਸਵੀਕਾਰਯੋਗ ਨਹੀਂ ਹੈ।" ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਇੱਕ ਅਧਿਕਾਰੀ ਦੀ ਜਾਨ ਲੈਂਦੀਆਂ ਹਨ ਸਗੋਂ ਸਮਾਜ ਦੇ ਇੱਕ ਵੱਡੇ ਵਰਗ ਦੇ ਵਿਸ਼ਵਾਸ ਨੂੰ ਵੀ ਤੋੜਦੀਆਂ ਹਨ।
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਹਵਾਈ ਅੱਡੇ ’ਤੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇਸ ਮੌਕੇ ਹੋਰ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ।ਰਾਹੁਲ ਗਾਂਧੀ ਦੀ ਚੰਡੀਗੜ੍ਹ ਆਮਦ ਨੂੰ ਲੈ ਕੇ ਸਥਾਨਕ ਪੁਲੀਸ ਵੱਲੋਂ ਸ਼ਹਿਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ