ਹਰਿਆਣਾ ਰੋਡਵੇਜ਼ ਦੀ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ; ਤਿੰਨ ਦੀ ਮੌਤ,ਕਈ ਜ਼ਖਮੀ
ਏਲਨਾਬਾਦ ਦੇ ਹਨੂੰਮਾਨਗੜ੍ਹ ਰੋਡ ’ਤੇ ਅੱਜ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਹੋਏ ਸੜਕ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ ਅਤੇ ਟਰਾਲੀ ਵਿੱਚ ਸਵਾਰ ਹੋਰ ਔਰਤਾਂ ਜ਼ਖ਼ਮੀ ਹੋ ਗਈਆਂ ਸਨ। ਪੁਲੀਸ ਨੇ ਹਾਦਸੇ ਤੋਂ ਬਾਅਦ ਸੂਰਜ ਕੁਮਾਰ ਉਰਫ਼ ਰੋਹਤਾਸ਼ ਪੁੱਤਰ ਰਣਜੀਤ ਸਿੰਘ ਵਾਸ਼ੀ ਵਾਰਡ ਨੰਬਰ 5, ਏਲਨਾਬਾਦ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਹਰਿਆਣਾ ਰੋਡਵੇਜ਼ ਦੀ ਬੱਸ ਦੇ ਚਾਲਕ ਹਰਫੂਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਹਿਜਰਾਵਾ ਕਲਾਂ ਜ਼ਿਲ੍ਹਾ ਫਤਿਹਾਬਾਦ ਨੂੰ ਅੱਜ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਹਰਿਆਣਾ ਦੇ ਆਾਵਜਾਈ ਮੰਤਰੀ ਅਨਿਲ ਵਿੱਜ ਨੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।
ਹਾਦਸਾ ਇੱਥੋਂ ਦੇ ਹਨੂੰਮਾਨਗੜ੍ਹ ਰੋਡ ’ਤੇ ਅਕਾਲ ਅਕੈਡਮੀ ਨੇੜੇ ਵਾਪਰਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਲੋਕ ਇੱਕ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਪਿੰਡ ਮੁਮੇਰਾ ਕਲਾਂ ਤੋਂ ਖੇਤ ਵਿੱਚ ਕੰਮ ਕਰਨ ਲਈ ਪਿੰਡ ਰਾਮਪੁਰੀਆ ਜਾ ਰਹੇ ਸਨ। ਇਸ ਦੌਰਾਨ ਏਲਨਾਬਾਦ ਦੇ ਹਨੂੰਮਾਨਗੜ੍ਹ ਰੋਡ ਤੇ ਅਕਾਲ ਅਕੈਡਮੀ ਦੇ ਕੋਲ ਪਿੱਛੇ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ।
