ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਦੀ ਦਲ ਬਦਲੀ ਦਾ ਰੁਝਾਨ ਪੁਰਾਣਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਂਬਰਾਂ ਵੱਲੋਂ ਦਲ ਬਦਲੀ ਕਰਨ ਦਾ ਰੁਝਾਨ ਕਾਫ਼ੀ ਪੁਰਾਣਾ ਹੈ। ਬੀਤੇ ਦਿਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਵੱਲੋਂ ਮੈਂਬਰਾਂ ਦੇ ਦਲ ਬਦਲੀ ਕਰਨ ਬਾਰੇ ਕੀਤੀਆਂ ਟਿੱਪਣੀਆਂ ਮਗਰੋਂ ਮੈਂਬਰਾਂ ਦੀ ਦਲ ਬਦਲੀ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋੲਆ ਹੈ।
ਜੀਕੇ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਪੰਥਕ ਦੀ ਟਿਕਟ ਤੋਂ ਜਿੱਤ ਕੇ ਗੁਰਸ਼ਰਨ ਸਿੰਘ ਸੰਧੂ ਪਰਮਜੀਤ ਸਿੰਘ ਸਰਨਾ ਦੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿੱਚ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਕਮੇਟੀ ਮੈਂਬਰਾਂ ਬਲਬੀਰ ਸਿੰਘ ਵਿਵੇਕ ਵਿਹਾਰ ਅਤੇ ਜਤਿੰਦਰ ਸਿੰਘ ਸਾਹਨੀ ਨੇ ਸਰਨਾ ਧੜਾ ਛੱਡ ਕੇ ਤਤਕਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪਾਲਾ ਬਦਲਿਆ ਸੀ।
ਬਲਬੀਰ ਸਿੰਘ ਨੇ ਕਿਹਾ ਕਿ ਉਦੋਂ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਕਾਰਜਾਂ ਨੂੰ ਦੇਖਦੇ ਹੋਏ ਬਾਦਲ ਧੜੇ ਵਿੱਚ ਆਉਣਾ ਠੀਕ ਸਮਝਿਆ ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਵੀ ਆਪਣਾ ਧੜਾ ਬਦਲਿਆ ਸੀ। ਬੀਤੇ ਮਹੀਨਿਆਂ ‘ਚ ਕਾਲਕਾ ਧੜੇ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਸੁਖਵਿੰਦਰ ਸਿੰਘ ਬੱਬਰ ਤੇ ਗੁਰਪ੍ਰੀਤ ਸਿੰਘ ਖੰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਦਿੱਲੀ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਜੀਆਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹਨ ਜਦੋਂਕਿ ਦੂਜੇ ਪਾਸੇ ਸਰਨਾ ਭਰਾ ਤਾਂ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਨਮਾਨਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਸਰਨਾ ਧੜਾ ਛੱਡਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੇ ਐਕਟ ’ਚ ਦਲਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ।