ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਰਾਏਪੁਰ ਕਲਾਂ ਤੋਂ ਹਰਮਿਲਾਪ ਨਗਰ ਵਿੱਚ ਰੇਲਵੇ ਅੰਡਰ ਬ੍ਰਿਜ ਦਾ ਰਾਹ ਹੋਇਆ ਪੱਧਰਾ

ਯੂਟੀ ਪ੍ਰਸ਼ਾਸਨ ਨੇ ਰਾਏਪੁਰ ਕਲਾਂ ’ਚ 0.74 ਏਕੜ ਜ਼ਮੀਨ ਪ੍ਰਾਪਤ ਕਰਨ ਲਈ ਨੋਟੀਫਿਕੇਸ਼ਨ ਕੀਤਾ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 14 ਜੁਲਾਈ

ਰਾਏਪੁਰ ਕਲਾਂ ਤੋਂ ਹਰਮਿਲਾਪ ਨਗਰ ਦੇ ਵਿਚਕਾਰ ਤੋਂ ਨਿਕਲ ਰਹੇ ਰੇਲਵੇ ਲਾਈਨ ਕਰਕੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ 7 ਸਾਲਾਂ ਬਾਅਦ ਰਾਏਪੁਰ ਕਲਾਂ ਤੋਂ ਹਰਮਿਲਾਪ ਨਗਰ ਵਿੱਚ ਰੇਲਵੇ ਅੰਡਰ ਬ੍ਰਿਜ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਯੂ.ਟੀ. ਪ੍ਰਸ਼ਾਸਨ ਨੇ ਰੇਲਵੇ ਅੰਡਰ ਬ੍ਰਿਜ ਦੀ ਉਸਾਰੀ ਲਈ ਰਾਏਪੁਰ ਕਲਾਂ ਵਿੱਚ ਲਗਭਗ 0.74 ਏਕੜ ਜ਼ਮੀਨ ਪ੍ਰਾਪਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਹਰਮਿਲਾਪ ਨਗਰ, ਬਾਲਟਾਣਾ ਅਤੇ ਨੇੜਲੇ ਖੇਤਰਾਂ ਦੇ ਵਸਨੀਕਾਂ ਨੂੰ ਰੇਲਵੇ ਫਾਟਕ ਕਰਕੇ ਲਾਂਘੇ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਤੋਂ ਛੁਟਕਾਰਾ ਮਿਲ ਸਕੇਗਾ।

ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਆਪਣੇ ਪਾਸੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਜ਼ਮੀਨ ਪ੍ਰਾਪਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਯੂਟੀ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਦਾ ਸਮਾਜਿਕ ਪ੍ਰਭਾਵ ਮੁਲਾਂਕਣ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਰਾਏਪੁਰ ਕਲਾਂ ਪਿੰਡ ਦੇ ਦੋ ਪਰਿਵਾਰਾਂ ਨੂੰ ਖੇਤੀਬਾੜੀ ਜ਼ਮੀਨ ਗੁਆਉਣੀ ਪਵੇਗੀ। ਯੂਟੀ ਦੇ ਪ੍ਰਸ਼ਾਸਕ ਨੇ ਐੱਸਡੀਐੱਮ ਕੇਂਦਰੀ ਨੂੰ ਪ੍ਰਾਜੈਕਟ ਦੀ ਦੇਖ-ਰੇਖ ਕਰਨ ਦੀ ਜਿੰਮੇਵਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਹਰਮਿਲਾਪ ਨਗਰ, ਬਲਟਾਣਾ, ਰਾਏਪੁਰ ਕਲਾਂ ਦੇ ਲੋਕਾਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਰੋਜ਼ਾਨਾ ਰੇਲਵੇ ਕਰਾਸਿੰਗ ਦੇ ਫਾਟਕਾਂ ਨੂੰ ਬੰਦ ਕਰਨ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੌਰਾਨ ਲੋਕ ਕਈ-ਕਈ ਘੰਟੇ ਭੀੜ ਵਿੱਚ ਫਸੇ ਰਹਿ ਜਾਂਦੇ ਸਨ। ਹਰਮਿਲਾਪ ਨਗਰ ਤੋਂ ਕੌਂਸਲਰ ਊਸ਼ਾ ਰਾਣੀ ਦੇ ਪਤੀ ਪ੍ਰਤਾਪ ਸਿੰਘ ਰਾਣਾ ਨੇ ਕਿਹਾ ਕਿ ਕੰਮ ਵਿੱਚ ਕਈ ਸਾਲਾਂ ਦੀ ਦੇਰੀ ਹੋਈ ਸੀ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੀ ਡੀਪੀਆਰ 2017 ਵਿੱਚ ਤਿਆਰ ਕੀਤੀ ਗਈ ਸੀ। ਯੂਟੀ ਪ੍ਰਸ਼ਾਸਨ ਅਨੁਸਾਰ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਇਸ ਸਾਲ ਜਨਵਰੀ ਤੱਕ ਪੂਰੀ ਹੋ ਜਾਣੀ ਸੀ ਅਤੇ ਉਸਾਰੀ ਦਾ ਕੰਮ ਅਪ੍ਰੈਲ ਤੱਕ ਪੂਰਾ ਹੋ ਜਾਣਾ ਸੀ, ਪਰ ਕੰਮ ਵਿੱਚ ਬਿਨਾਂ ਕਿਸੇ ਕਾਰਨ ਤੋਂ ਦੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ, ਜੋ ਹੁਣ ਕਈ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਪੂਰੀ ਹੋਣ ਜਾ ਰਹੀ ਹੈ।