ਸਰਕਾਰੀ ਮਾਪਦੰਡਾਂ ’ਤੇ ਖ਼ਰੀ ਨਹੀਂ ਉਤਰੀ ਫ਼ਸਲ
ਇੱਥੇ ਨਵੀਂ ਅਨਾਜ ਮੰਡੀ ਵਿੱਚ ਖਰੀਫ ਦੀ ਫਸਲ ਦੀ ਖਰੀਦ ਸ਼ੁਰੂ ਕਰਨ ਦੇ ਹੋਏ ਆਦੇਸ਼ਾਂ ਦੇ 8ਵੇਂ ਦਿਨ ਸਹਿਕਾਰੀ ਸਮਿਤੀ ਦੇ ਪ੍ਰਬੰਧਕ ਰਤਨਦੀਪ ਨੇ ਦੂਸਰੀ ਵਾਰ ਮੰਡੀ ਵਿੱਚ ਪਹੁੰਚਕੇ ਬਾਜਰੇ ਦੀ ਫਸਲ ਦੀ ਜਾਂਚ ਕੀਤੀ, ਜਿਸ ਦੇ ਚਲਦੇ ਕੋਈ ਵੀ ਢੇਰੀ ਸਰਕਾਰੀ ਨਿਯਮਾਂ ’ਤੇ ਖਰੀ ਨਾ ਉਤਰਣ ਕਾਰਨ ਖਰੀਦ ਨਾ ਹੋ ਸਕੀ। ਜੀਂਦ ਕੋ-ਆਪ੍ਰੇਟਿਵ ਮਾਰਕਿਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਪ੍ਰਬੰਧਕ ਰਤਨਦੀਪ ਮੰਡੀ ਵਿੱਚ ਅਪਣਾ ਡਿਜੀਟਲ ਨਮੀਂ ਮਾਪਕ ਯੰਤਰ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੇ ਕ੍ਰਮਵਾਰ ਦੁਕਾਨਾਂ ਉੱਤੇ ਜਾ ਕੇ ਕਿਸਾਨਾਂ ਦੀਆਂ ਪਈਆਂ ਬਾਜਰੇ ਦੀਆਂ ਢੇਰੀਆਂ ਦੀ ਜਾਂਚ ਕੀਤੀ, ਪਰ ਇਸ ਦੌਰਾਨ ਕੁਝ ਢੇਰੀਆਂ ਮਾਪਦੰਡਾਂ ਅਨੁਸਾਰ ਨਹੀਂ ਪਾਈਆਂ ਗਈਆਂ ਤੇ ਬਾਕੀ ਢੇਰੀਆਂ ਵਿੱਚ ਸਰਕਾਰੀ ਨਿਯਮਾਂ ਮੁਤਾਬਿਕ ਨਮੀਂ ਦੀ ਮਾਤਰਾ ਜ਼ਿਆਦਾ ਮਿਲਣ ਦੇ ਨਾਲ-ਨਾਲ ਬਰੋਕਨ, ਡੈਮੇਜ ਅਤੇ ਡਿਸਕਲਰ ਦੀ ਸਮੱਸਿਆ ਵੀ ਮਿਲੀ। ਅੱਜ ਮੰਡੀ ਵਿੱਚ 500 ਕੁਇੰਟਲ ਦੇ ਕਰੀਬ ਬਾਜਰੇ ਦੀ ਆਮਦ ਹੋਈ ਸੀ, ਪਰ ਕਿਸਾਨਾਂ ਦੇ ਨਿਰਾਸ਼ਾ ਉਦੋਂ ਹੱਥ ਲੱਗੀ ਜਦੋਂ ਸੁਸਾਇਟੀ ਪ੍ਰਬੰਧਕ ਨੇ ਮਜਬੂਰ ਹੋ ਕੇ ਬਾਜਰੇ ਦੀਆਂ ਢੇਰੀਆਂ ਨੂੰ ਖਰੀਦਣ ਲਈ ਨਾ ਕਰ ਦਿੱਤੀ। ਇਨ੍ਹਾਂ ਕਿਸਾਨਾਂ ਨੂੰ ਅਪਣਾ ਬਾਜਰਾ ਨਿੱਜੀ ਖਰੀਦਦਾਰਾਂ ਨੂੰ 1900 ਤੋਂ 2000 ਰੁਪਏ ਤੱਕ ਵੇਚਣ ਲਈ ਮਜਬੂਰ ਹੋਣਾ ਪਿਆ, ਜਦੋਂ ਕਿ ਬਾਜਰੇ ਦੀ ਭਰਪਾਈ ਯੋਜਨਾ ਦੇ ਅਧੀਨ 2200 ਰੁਪਏ ਤੋਂ ਵੱਧ ਨਿਰਧਾਰਿਤ ਕੀਤਾ ਗਿਆ ਹੈ। ਸਹਿਕਾਰੀ ਸਮਿਤੀ ਦੇ ਪ੍ਰਬੰਧਕ ਰਤਨਦੀਪ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਪਣੀ ਫਸਲਾਂ ਨੂੰ ਸੁਕਾ ਕੇ ਲਿਆਉਣ ਤਾਂ ਕਿ ਸਰਕਾਰ ਨੂੰ ਐੱਮ ਐੱਸ ਪੀ ਰੇਟਾਂ ਉੱਤੇ ਖਰੀਦਣ ਵਿੱਚ ਕੋਈ ਦਿੱਕਤ ਨਾ ਆਵੇ।