‘ਕੱਚੀ ਘੋੜੀ’ ਦੇ ਕਲਾਕਾਰਾਂ ਨੇ ਦਰਸ਼ਕਾਂ ਦੇ ਦਿਲ ਜਿੱਤੇ
ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸੰਗੀਤਕ ਸਾਜ਼ਾਂ ਦੀਆਂ ਸੁਰੀਲੀਆਂ ਧੁਨਾਂ ਦੀਆਂ ਤਰੰਗਾ ਤੇ ਸੰਗੀਤ ਨੇ ਬ੍ਰਹਮ ਸਰੋਵਰ ਦੇ ਮਾਹੌਲ ਨੂੰ ਆਨੰਦਮਈ ਬਣਾ ਦਿੱਤਾ। ਇਨ੍ਹਾਂ ਸਾਜ਼ਾਂ ਤੇ ਲੋਕ ਗੀਤਾਂ ਦੀਆਂ ਧੁਨਾਂ ਸੁਣਨ ਲਈ ਬ੍ਰਹਮ ਸਰੋਵਰ ਦੇ ਦੱਖਣੀ ਕੰਢੇ ’ਤੇ ਵੱਡੀ ਗਿਣਤੀ ਦਰਸ਼ਕ ਇੱਕਠੇ ਹੋ ਰਹੇ ਹਨ। ਇਸ ਦੌਰਾਨ ਰਾਜਸਥਾਨ ਦੇ ਕੱਚੀ ਘੋੜੀ ਨਾਚ ਨੇ ਦਰਸ਼ਕਾਂ ਦੇ ਧਿਆਨ ਖਿੱਚਿਆ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਰਾਜਸਥਾਨ, ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ਼ ਦੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਬ੍ਰਹਮਸਰੋਵਰ ਦੇ ਕੰਢੇ ’ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉੱਤਰੀ ਜ਼ੋਨ ਸੱਭਿਆਚਾਰਕ ਕਲਾ ਕੇਂਦਰ ਪਟਿਆਲਾ ਵੱਲੋਂ ਬ੍ਰਹਮ ਸਰੋਵਰ ਦੇ ਕੰਢੇ ’ਤੇ ਕਰਵਾਏ ਗੀਤਾ ਮਹਾਂਉਤਸਵ ਦੇ ਪਹਿਲੇ ਪੜ੍ਹਾਅ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਪੰਜਾਬ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਕਲਾਕਾਰ ਆਪੋ-ਆਪਣੇ ਸੂਬਿਆਂ ਦੇ ਸੱਭਿਆਚਾਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਇਨ੍ਹਾਂ ਲੋਕ ਨਾਚਾਂ ਵਿੱਚ ਵਜਾਏ ਗਏ ਸੰਗੀਤ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਐੱਨ ਜ਼ੈੱਡ ਸੀ ਸੀ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਇਨ੍ਹਾਂ ਸੂਬਿਆਂ ਦੇ ਕਲਾਕਾਰ 18 ਨਵੰਬਰ ਤਕ ਪੇਸ਼ਕਾਰੀਆਂ ਦੇਣਗੇ। ਇਸ ਤੋਂ ਬਾਅਦ ਦੂਜੇ ਸੂਬਿਆਂ ਦੇ ਕਲਾਕਾਰ ਆਉਣਗੇ। ਉਨਾਂ ਕਿਹਾ ਕਿ ਕੱਚੀ ਘੋੜੀ ਦੇ ਕਲਾਕਾਰ ਸੈਲਾਨੀਆਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਕੱਚੀ ਘੋੜੀ ਕਲਾਕਾਰ ਹਰ ਸਾਲ ਕੌਮਾਂਤਰੀ ਗੀਤਾ ਮਹਾਂਉਤਸਵ ’ਤੇ ਆਉਂਦੇ ਹਨ। ਸਮੂਹ ਦੇ ਕਲਾਕਾਰ ਰਾਜਸਥਾਨ ਦੀ ਪ੍ਰੰਪਰਾ ਕੱਚੀ ਘੋੜੀ ਨਾਚ ਪੇਸ਼ ਕਰਦੇ ਹਨ। ਕੱਚੀ ਘੋੜੀ ਕਲਾਕਾਰ ਕਰਾਫਟ ਮੇਲੇ ਵਿੱਚ ਜਦੋਂ ਆਪਣਾ ਨਾਚ ਪੇਸ਼ ਕਰਦੇ ਹਨ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ।
