ਦਹਿਸ਼ਤੀ ਮੌਡਿਊਲ ਤੇ ਫ਼ਰਜ਼ੀ ਦਸਤਾਵੇਜ਼: ਦਿੱਲੀ ਪੁਲੀਸ ਵੱਲੋਂ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਸੰਮਨ ਜਾਰੀ
ਦਿੱਲੀ ਪੁਲੀਸ ਨੇ ਫ਼ਰੀਦਾਬਾਦ ਟੈਰਰ ਮੌਡਿਊਲ ਕੇਸ ਤੇ ਧੋਖਾਧਦੀ ਚੱਲ ਰਹੀ ਜਾਂਚ ਦੇ ਸਬੰਧ ਵਿਚ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਦੋ ਸੰਮਨ ਜਾਰੀ ਕੀਤੇ ਹਨ। ਦਿੱਲੀ ਪੁਲੀਸ ਨੇ ਫਰੀਦਾਬਾਦ ਅਤਿਵਾਦੀ ਮੌਡਿਊਲ ਮਾਮਲੇ ਦੀ ਚੱਲ ਰਹੀ ਜਾਂਚ ਅਤੇ ਯੂਨੀਵਰਸਿਟੀ ਵਿਰੁੱਧ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋ ਮਾਮਲਿਆਂ ਦੇ ਸਬੰਧ ਵਿੱਚ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਦੋ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਉਦੋਂ ਭੇਜੇ ਗਏ ਜਦੋਂ ਤਫ਼ਤੀਸ਼ਕਾਰਾਂ ਨੂੰ ਲੱਗਾ ਕਿ ਯੂਨੀਵਰਸਿਟੀ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਦਾ ਬਿਆਨ ਯੂਨੀਵਰਸਿਟੀ ਦੇ ਕੰਮਕਾਜ ਅਤੇ ਸੰਸਥਾ ਨਾਲ ਜੁੜੇ ਵਿਅਕਤੀਆਂ ਦੀਆਂ ਸਰਗਰਮੀਆਂ ਨਾਲ ਜੁੜੀਆਂ ਕਈ ਅਸੰਗਤੀਆਂ ਨੂੰ ਸਪੱਸ਼ਟ ਕਰਨ ਲਈ ਅਹਿਮ ਹੈ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਤੇ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਵੱਲੋਂ ਸ਼ਨਿੱਚਰਵਾਰ ਨੂੰ ਜਤਾਏ ਗਏ ਗੰਭੀਰ ਫ਼ਿਕਰਾਂ ਮਗਰੋਂ ਅਪਰਾਧ ਸ਼ਾਖਾ ਹਰਿਆਣਾ ਸਥਿਤ ਯੂਨੀਵਰਸਿਟੀ ਵਿਰੁੱਧ ਧੋਖਾਧੜੀ ਅਤੇ ਜਾਅਲਸਾਜ਼ੀ ਲਈ ਦੋ ਐਫਆਈਆਰ ਪਹਿਲਾਂ ਹੀ ਦਰਜ ਕਰ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਰੈਗੂਲੇਟਰੀ ਸੰਸਥਾਵਾਂ ਨੇ ਯੂਨੀਵਰਸਿਟੀ ਦੇ ਮਾਨਤਾ ਦਾਅਵਿਆਂ ਦੀ ਸਮੀਖਿਆ ਕਰਨ ਤੋਂ ਬਾਅਦ ‘ਵੱਡੀਆਂ ਬੇਨਿਯਮੀਆਂ’ ਨੂੰ ਨਿਸ਼ਾਨਬੱਧ ਕੀਤਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਬੰਧਤ ਵੇਰਵੇ ਸੌਂਪ ਦਿੱਤੇ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਐਫਆਈਆਰਜ਼ ਕਥਿਤ ਤੌਰ ’ਤੇ ਝੂਠੇ ਮਾਨਤਾ ਦਸਤਾਵੇਜ਼ਾਂ ਅਤੇ ਯੂਨੀਵਰਸਿਟੀ ਵੱਲੋਂ ਕੀਤੇ ਗਏ ਦਾਅਵਿਆਂ ਨਾਲ ਸਬੰਧਤ ਹਨ। ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।’’ ਪੁਲੀਸ ਸੂਤਰਾਂ ਨੇ ਦੱਸਿਆ ਕਿ ਸਿੱਦੀਕੀ ਨੂੰ ਸੰਮਨ ਜਾਰੀ ਕਰਨਾ ਜਾਂਚ ਦੀ ਇੱਕ ਵਿਆਪਕ ਲੜੀ ਦਾ ਹਿੱਸਾ ਹੈ ਜੋ ਪਿਛਲੇ ਹਫ਼ਤੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਚੱਲ ਰਹੀ ਜਾਂਚ ਨਾਲ ਮੇਲ ਖਾਂਦਾ ਹੈ। ਧਮਾਕੇ ਨਾਲ ਜੁੜੇ ਕਈ ਮਸ਼ਕੂਕਾਂ ਦੇ ਯੂਨੀਵਰਸਿਟੀ ਨਾਲ ਸਬੰਧ ਹੋਣ ਦਾ ਖ਼ਦਸ਼ਾ ਹੈ, ਜਿਸ ਕਾਰਨ ਤਫ਼ਤੀਸ਼ਕਾਰਾਂ ਨੇ ਸੰਸਥਾਗਤ ਰਿਕਾਰਡਾਂ, ਵਿੱਤੀ ਲੈਣ-ਦੇਣ ਅਤੇ ਪ੍ਰਸ਼ਾਸਕੀ ਪ੍ਰਵਾਨਗੀਆਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ
