ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ ਬਾਰੇ ਜਾਗਰੂਕ ਕੀਤਾ
ਡਿਵਾਈਨ ਪਬਲਿਕ ਸਕੂਲ ਵਿੱਚ ਇੱਕ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਲਾਈ ਗਈ। ਇਸ ਸਿਖਲਾਈ ਦਾ ਉਦੇਸ਼ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਆਧੁਨਿਕ ਵਿਧੀਆਂ, ਜਮਾਤ ਪ੍ਰਬੰਧਨ, ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਅਤੇ ਸੰਚਾਰ ਹੁਨਰਾਂ ਨਾਲ ਲੈਸ ਕਰਨਾ ਸੀ। ਪ੍ਰੋਗਰਾਮ ਦਾ ਉਦਘਾਟਨ ਸਕੂਲ ਦੀ ਪ੍ਰਿੰਸੀਪਲ ਰਾਜਿੰਦਰ ਖੁੱਬੜ ਅਤੇ ਵਾਈਸ ਪ੍ਰਿੰਸੀਪਲ ਤੇ ਰਿਸੋਰਸ ਪਰਸਨ ਮਨੀਸ਼ ਮਲਿਕ ਨੇ ਸ਼ਮ੍ਹਾ ਰੌਸ਼ਨ ਕਰਕੇ ਅਤੇ ਸਰਸਵਤੀ ਵੰਦਨਾ ਨਾਲ ਕੀਤਾ।
ਸਿਖਲਾਈ ਦੌਰਾਨ ਮੁੱਖ ਬੁਲਾਰੇ ਮਨੀਸ਼ ਨੇ ਅਧਿਆਪਕਾਂ ਨੂੰ ਵਿਦਿਆਰਥੀ ਕੇਂਦਰਿਤ ਸਿੱਖਿਆ, ਜਮਾਤ ਵਿੱਚ ਸਾਜ਼ਗਾਰ ਮਾਹੌਲ ਸਿਰਜਣ, ਮੁਲਾਂਕਣ ਤਕਨੀਕਾਂ ਅਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਸਿੱਖਣ ਦੀ ਗੁਣਵੱਤਾ ਵਧਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਅਧਿਆਪਕਾਂ ਨੇ ਸਮੂਹ ਗਤੀਵਿਧੀਆਂ ਅਤੇ ਸਵਾਲ-ਜਵਾਬ ਸੈਸ਼ਨਾਂ ਵਿੱਚ ਵਿਚਾਰ ਵਟਾਂਦਰੇ ਰਾਹੀਂ ਆਪਣੇ ਤਜਰਬੇ ਸਾਂਝੇ ਕੀਤੇ। ਸਰੋਤ ਬੁਲਾਰੇ ਨੇ ਦੱਸਿਆ ਕਿ ‘ਗੁਰੂ ਦਕਸ਼ਤਾ ਪ੍ਰੋਗਰਾਮ’ ਅਧਿਆਪਕਾਂ ਵਿੱਚ ਆਤਮ ਵਿਸ਼ਵਾਸ, ਅਗਵਾਈ ਅਤੇ ਨਵੀਨਤਾਕਾਰੀ ਅਧਿਆਪਨ ਤਕਨੀਕਾਂ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ। ਅੰਤ ਵਿੱਚ ਪ੍ਰਿੰਸੀਪਲ ਨੇ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਸਿੱਖਿਆ ਦੀ ਗੁਣਵੱਤਾ ਨੂੰ ਨਵੀਂ ਦਿਸ਼ਾ ਦਿੰਦੇ ਹਨ। ਸਕੂਲ ਦੇ ਪ੍ਰਸ਼ਾਸਕ ਡਾ. ਗੁਰਦੀਪ ਸਿੰਘ ਹੇਅਰ ਨੇ ਅਧਿਆਪਕਾਂ ਨੂੰ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ ਵਧਾਈ ਦਿੱਤੀ।
