ਅਧਿਆਪਕਾ ਦੀ ਮੌਤ: ਭਿਵਾਨੀ ਤੇ ਚਰਖੀ ਦਾਦਰੀ ’ਚ ਮੋਬਾਈਲ ਇੰਟਰਨੈੱਟ ਮੁਅੱਤਲ
ਹਰਿਆਣਾ ਸਰਕਾਰ ਨੇ 19 ਸਾਲਾ ਅਧਿਆਪਕਾ ਦੀ ਮੌਤ ਤੋਂ ਬਾਅਦ ਲੋਕਾਂ ਦੇ ਭਾਰੀ ਰੋਸ ਨੂੰ ਦੇਖਦਿਆਂ ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ, ਬਲਕ ਐੱਸਐੱਮਐੱਸ ਅਤੇ ਡੋਂਗਲ ਸੇਵਾਵਾਂ 48 ਘੰਟਿਆਂ ਲਈ ਮੁਅੱਤਲ ਕਰ ਦਿੱਤੀਆਂ ਹਨ। ਇਹ ਪਾਬੰਦੀ ਅੱਜ ਸਵੇਰ 11 ਵਜੇ ਤੋਂ 21 ਅਗਸਤ ਸਵੇਰੇ 11 ਵਜੇ ਤੱਕ ਲਾਗੂ ਰਹੇਗੀ। ਪਲੇਅ ਸਕੂਲ ਦੀ ਅਧਿਆਪਕਾ ਮਨੀਸ਼ਾ ਦੀ ਲਾਸ਼ 13 ਅਗਸਤ ਨੂੰ ਭਿਵਾਨੀ ਦੇ ਇੱਕ ਖੇਤ ’ਚੋਂ ਬਰਾਮਦ ਹੋਈ ਸੀ। ਉਹ 11 ਅਗਸਤ ਨੂੰ ਸਕੂਲ ਤੋਂ ਬਾਅਦ ਇੱਕ ਨਰਸਿੰਗ ਕਾਲਜ ਵਿੱਚ ਦਾਖ਼ਲੇ ਬਾਰੇ ਪੁੱਛਣ ਗਈ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ। ਇਸ ਮੌਤ ਮਗਰੋਂ ਸਥਾਨਕ ਲੋਕਾਂ ਨੇ ਰੋਸ ਵਿੱਚ ਆ ਕੇ ਜ਼ਿਲ੍ਹੇ ਦੀਆਂ ਮੁੱਖ ਸੜਕਾਂ ’ਤੇ ਧਰਨੇ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਹੁਕਮਾਂ ਵਿੱਚ ਅਧਿਆਪਕਾ ਦੀ ਮੌਤ ਦਾ ਕੋਈ ਜ਼ਿਕਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਇਹ ਆਦੇਸ਼ ਮਾਮਲੇ ਨਾਲ ਸਬੰਧਤ ਘਟਨਾਕ੍ਰਮ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ। ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਿਵਾਨੀ ਤੇ ਚਰਖੀ ਦਾਦਰੀ ਜ਼ਿਲ੍ਹਿਆਂ ’ਚ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੈ। ਇਸ ਲਈ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਿਵਾਨੀ ਦੇ ਐੱਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਮਨੀਸ਼ਾ ਦੀ ਲਾਸ਼ ਕੋਲੋਂ ਬੈਗ ’ਚੋਂ ਇੱਕ ਨੋਟ, ਉਸ ਦਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ। ਮਨੀਸ਼ਾ ਵੱਲੋਂ ਕੀਟਨਾਸ਼ਕ ਖਰੀਦਣ ਦੇ ਸਬੂਤ ਵੀ ਮਿਲੇ ਹਨ। ਦੂਜੇ ਪਾਸੇ ਮਨੀਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਕਾਂਗਰਸ ਤੇ ਪੁਲੀਸ ਦੀ ਕਾਰਵਾਈ ’ਤੇ ਚੁੱਕੇ ਸਵਾਲ
ਵਿਰੋਧੀ ਪਾਰਟੀਆਂ ਨੇ ਇਸ ਘਟਨਾ ਲਈ ਭਾਜਪਾ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਹੈ। ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਨੂੰ ਖੁਦਕੁਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।