ਜਾਸੂਸੀ ਦਾ ਸ਼ੱਕ: ਐੱਸਟੀਐੱਫ ਹਿਸਾਰ ਦੀ ਟੀਮ ਨੇ HSGMC ਕਰਮਚਾਰੀ ਨੂੰ ਹਿਰਾਸਤ ’ਚ ਲਿਆ, ਮਗਰੋਂ ਛੱਡਿਆ
ਟ੍ਰਿਬਿਊਨ ਨਿਊਜ਼ ਸਰਵਿਸ
ਕੁਰੂਕਸ਼ੇਤਰ, 18 ਮਈ
ਜਾਸੂਸੀ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਹਿਸਾਰ ਦੀ ਇੱਕ ਟੀਮ ਨੇ ਕੁਰੂਕਸ਼ੇਤਰ ਤੋਂ ਹਰਕੀਰਤ ਸਿੰਘ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਹਰਕੀਰਤ ਸਿੰਘ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦਾ ਕਰਮਚਾਰੀ ਤੇ ਅਜਰਾਣਾ ਪਿੰਡ ਦਾ ਵਸਨੀਕ ਹੈ। ਹਾਲਾਂਕਿ ਪੁਲੀਸ ਨੇ ਬਾਅਦ ਵਿਚ ਉਸ ਨੂੰ ਇਹ ਕਹਿ ਕੇ ਰਿਹਾਅ ਕਰ ਦਿੱਤਾ ਕਿ ਉਸ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ।
ਜਾਣਕਾਰੀ ਅਨੁਸਾਰ, ਐੱਸਟੀਐੱਫ ਹਿਸਾਰ ਦੀ ਟੀਮ ਬੀਤੀ ਰਾਤ ਕੁਰੂਕਸ਼ੇਤਰ ਪਹੁੰਚੀ ਅਤੇ ਹਰਕੀਰਤ ਨੂੰ ਹਿਸਾਰ ਲੈ ਗਈ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਹਰਕੀਰਤ ਨੂੰ ਕਿਉਂ ਲਿਜਾਇਆ ਗਿਆ। ਹਰਕੀਰਤ ਨੂੰ ਲਿਜਾਏ ਜਾਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਸ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸ ਨੂੰ ਹਰਕੀਰਤ ਬਾਰੇ ਉਸ ਦੀ ਨੂੰਹ ਕੋਲੋਂ ਪਤਾ ਲੱਗਾ।
ਹਰਕੀਰਤ ਦੇ ਪਿਤਾ ਨੇ ਕਿਹਾ, ‘‘ਸ਼ਨਿੱਚਰਵਾਰ ਰਾਤੀਂ ਛੇ ਆਦਮੀ ਆਏ ਅਤੇ ਸ਼ਿਆਮ ਕਲੋਨੀ ਤੋਂ ਹਰਕੀਰਤ ਨੂੰ ਆਪਣੇ ਨਾਲ ਲੈ ਗਏ। ਉਹ HSGMC ਅਧੀਨ ਯਾਤਰਾ ਇੰਚਾਰਜ ਵਜੋਂ ਕੰਮ ਕਰਦਾ ਹੈ ਅਤੇ ਹਰ ਸਾਲ ਪਾਕਿਸਤਾਨ ਵਿੱਚ ਮੱਥਾ ਟੇਕਣ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਲਈ ਵੀਜ਼ੇ ਦਾ ਕੰਮ ਦੇਖਦਾ ਹੈ। ਹਾਲਾਂਕਿ, ਹਰਕੀਰਤ ਕਦੇ ਵੀ ਪਾਕਿਸਤਾਨ ਨਹੀਂ ਗਿਆ। ਸਾਨੂੰ ਕੋਈ ਪਤਾ ਨਹੀਂ ਹੈ ਕਿ ਉਸ ਨੂੰ ਕਿਉਂ ਹਿਰਾਸਤ ਵਿੱਚ ਲਿਆ ਗਿਆ ਸੀ। ਸਾਡਾ ਹੁਣ ਤੱਕ ਉਸ ਨਾਲ ਕੋਈ ਸੰਪਰਕ ਨਹੀਂ ਹੈ।’’
ਹਾਲਾਂਕਿ ਮਗਰੋਂ ਅੱਜ ਸ਼ਾਮੀਂ ਹਰਕੀਰਤ ਨੂੰ ਪੁਲੀਸ ਨੇ ਰਿਹਾਅ ਕਰ ਦਿੱਤਾ। ਹਿਸਾਰ ਪੁਲੀਸ ਦੇ ਬੁਲਾਰੇ ਨੇ ਕਿਹਾ, ‘‘ਹਰਕੀਰਤ ਨੂੰ ਜਾਸੂਸੀ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਉਸ ਨੂੰ ਛੱਡ ਦਿੱਤਾ ਗਿਆ ਹੈ ਕਿਉਂਕਿ ਉਸ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ।’’