ਹਰਿਆਣਾ ਕਲਾ ਪਰਿਸ਼ਦ ਵੱਲੋਂ ਸੁਰਤਾਲ ਪ੍ਰੋਗਰਾਮ
ਹਰਿਆਣਾ ਕਲਾ ਪਰਿਸ਼ਦ ਵਲੋਂ ਕਲਾ ਕੀਰਤੀ ਭਵਨ ਵਿਚ ਹਫ਼ਤਾਵਾਰੀ ਸ਼ਾਮ ਵਿਚ ਇਕ ਸੁਰਤਾਲ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਕਲਾਕਾਰਾਂ ਨੇ ਕਲਾਸੀਕਲ ਆਰਕੈਸਟਰਾ ਰਾਹੀਂ ਵੱਖ-ਵੱਖ ਰਾਗਾਂ ਅਤੇ ਲੋਕ ਧੁਨਾਂ ਪੇਸ਼ ਕੀਤੀਆਂ। ਇਸ ਮੌਕੇ ਵਿਦਿਆ ਭਾਰਤੀ ਸੰਸਕ੍ਰਿਤੀ ਸਿੱਖਿਆ ਸੰਸਥਾਨ ਦੇ ਡਾਇਰੈਕਟਰ ਸੁਧੀਰ ਸੂਦ ਬਤੌਰ ਮੁੱਖ ਮਹਿਮਾਨ ਮੌਜੂਦ ਸਨ। ਪ੍ਰੋਗਰਾਮ ਤੋਂ ਪਹਿਲਾਂ ਹਰਿਆਣਾ ਕਲਾ ਪਰਿਸ਼ਦ ਦੇ ਡਾਇਰੈਕਟਰ ਨਾਗੇਂਦਰ ਸ਼ਰਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਨੇ ਡਾ. ਪ੍ਰਭਜੋਤ ਕੌਰ ਦੇ ਨਿਰਦੇਸ਼ਨ ਹੇਠ ਕਲਾਸੀਕਲ ਆਰਕੈਸਟਰਾ ਰਾਹੀਂ ਵੱਖ-ਵੱਖ ਰਾਗਾਂ ਅਤੇ ਧੁਨਾਂ ਵਜਾ ਕੇ ਕੀਤੀ। ਇਸ ਤੋਂ ਬਾਅਦ ਕਲਾਸੀਕਲ, ਅਰਧ ਕਲਾਸੀਕਲ, ਸੂਫੀ, ਭਗਤੀ, ਕਵਾਲੀ ਅਤੇ ਲੋਕ ਧੁਨਾਂ ਦੀ ਲੜੀ ਸ਼ੁਰੂ ਹੋਈ। ਜਦੋਂ ਕਲਾਕਾਰਾਂ ਨੇ ਪੰਜਾਬੀ ਅਤੇ ਹਰਿਆਣਵੀ ਲੋਕ ਧੁਨਾਂ ਵਜਾਉਣੀਆਂ ਸ਼ੁਰੂ ਕੀਤੀਆਂ ਤਾਂ ਸਾਰੇ ਸਰੋਤੇ ਝੂਮ ਉੱਠੇ। ਸਰੋਤੇ ਸਿਤਾਰ, ਤਬਲਾ ਅਤੇ ਬੰਸਰੀ ਦੀ ਜੁਗਲਬੰਦੀ ਵਿਚ ਹਰਿਆਣਵੀ ਲੋਕ ਗੀਤ ਸੁਣ ਰਹੇ ਸਨ। ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗੀਤ ਜ਼ਿੰਦਗੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੰਗੀਤ ਤੋਂ ਬਿਨਾਂ ਜਿੰਦਗੀ ਅਧੂਰੀ ਹੈ। ਮੁੱਖ ਮਹਿਮਾਨ ਵਲੋਂ ਸਾਰੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਹਰਿਆਣਾ ਕਲਾ ਪਰਿਸ਼ਦ ਦੇ ਡਾਇਰੈਕਟਰ ਨਾਗੇਂਦਰ ਸ਼ਰਮਾ ਨੇ ਵੀ ਆਪਣੇ ਵਿਚਾਰਾਂ ਨਾਲ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ।