ਸੁਮਨ ਸੈਣੀ ਨੇ ਲੋੜਵੰਦਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ
ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਹਰ ਵਰਗ ਲਈ ਭਲਾਈ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕਰ ਰਹੇ ਹਨ। ਭਾਜਪਾ ਸਰਕਾਰ ਸੂਬੇ ਵਿਚ ਅੰਤੋਦਿਆ ਨੀਤੀ ਲਾਗੂ ਕਰ ਰਹੀ ਹੈ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਸਭ ਤੋਂ ਪਹਿਲਾਂ ਆਖਰੀ ਵਿਅਕਤੀ ਤਕ ਪਹੁੰਚਾ ਰਹੀ ਹੈ। ਸੂਬੇ ਵਿਚ ਇਕ ਲੱਖ ਤੋਂ ਘੱਟ ਆਮਦਨ ਵਾਲੇ ਲੋਕਾਂ ਲਈ ਜ਼ਿਆਦਾਤਰ ਭਲਾਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਸੂਬੇ ਵਿਚ ਖੇਤੀ ਦੇ ਕੰਮ ਤੇ ਲੱਗੇ ਵੱਧ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਭ ਪਹੁੰਚਾਉਣ ਲਈ ਮੁੱਖ ਮੰਤਰੀ ਕਿਸਾਨ ਤੇ ਖੇਤਿਹਾਰ ਮਜ਼ਦੂਰ ਜੀਵਨ ਸੁਰਖਿੱਆ ਯੋਜਨਾ ਦੀ ਉਮਰ ਸੀਮਾ 65 ਤੋਂ ਵਧਾ ਕੇ 75 ਸਾਲ ਕਰ ਦਿੱਤੀ ਹੈ। ਉਹ ਅੱਜ ਬਾਬੈਨ ਦੇ ਰਹਿਣ ਵਾਲੇ ਸ਼ਿਵ ਦਿਆਲ ਪੁੱਤਰ ਸਤੀਸ਼ ਕੁਮਾਰ ਨੂੰ 2.50 ਲੱਖ ਰੁਪਏ ਦਾ ਚੈੱਕ ਦੇਣ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਤੀਸ਼ ਕੁਮਾਰ ਬਿਜਲੀ ਦੇ ਝਟਕੇ ਕਾਰਨ ਤੁਰਨ ਤੋਂ ਅਸਮਰਥ ਸੀ। ਇਸੇ ਤਰ੍ਹਾਂ ਦਬਖੇੜਾ ਦੀ ਕਿਰਨ ਦੇਵੀ ਨੂੰ 37500 ਰੁਪਏ ਜਿਸ ਦੀ ਉਂਗਲੀ ਦਾ ਇਕ ਹਿੱਸਾ ਗੁਆਚ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਭਾਜਪਾ ਮੰਡਲ ਬਾਬੈਨ ਦੇ ਪ੍ਰਧਾਨ ਵਿਕਾਸ ਸ਼ਰਮਾ, ਸ਼ਿਵ ਗੁਪਤਾ, ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਮੌਜੂਦ ਸਨ।