Suicide by Married Woman: ਵਿਆਹੁਤਾ ਵੱਲੋਂ ਸਹੁਰੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ
ਮ੍ਰਿਤਕਾ ਦੇ ਭਰਾ ਨੇ ਆਪਣੀ ਭੈਣ ਨੂੰ ਸਹੁਰਾ ਪਰਿਵਾਰ ਵੱਲੋਂ ਹੋਰ ਦਾਜ ਲਿਆਉਣ ਲਈ ਤੰਗ ਕੀਤੇ ਜਾਣ ਦੇ ਲਾਏ ਦੋਸ਼; ਪੁਲੀਸ ਵੱਲੋਂ ਪਤੀ, ਜੇਠ, ਨਨਾਣ ਤੇ ਸੱਸ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਟੋਹਾਣਾ, 4 ਮਾਰਚ
ਪਿੰਡ ਰਾਇਪੁਰ ਢਾਣੀ ਵਿੱਚ ਨਵੀਂ ਵਿਆਹੀ ਗਈ ਲੜਕੀ ਨੇ ਸਹੁਰੇ ਘਰ ’ਚ ਫਾਹਾ ਲਾ ਕੇ ਜਾਨ ਦੇ ਦਿੱਤੀ। ਪੁਲੀਸ ਨੇ ਮ੍ਰਿਤਕਾ ਊਸ਼ਾ (24) ਦੇ ਭਰਾ ਮੋਨੂੰ ਦੀ ਸ਼ਿਕਾਇਤ ਤੇ ਦਾਜ ਲਈ ਤੰਗ ਕਰਨ ਤੇ ਮੌਤ ਹੋਣ ਦਾ ਮਾਮਲਾ ਦਰਜ ਕੀਤਾ ਹੈ।
ਮੋਨੂੰ ਨੇ ਮ੍ਰਿਤਕਾ ਦੇ ਪਤੀ ਗੁਰਮੀਤ ਸਿੰਘ, ਜੇਠ ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਨਨਾਣ ਅਮਰਦੀਪ ਕੌਰ ਤੇ ਸੱਸ ਮਿੰਦੋਬਾਈ ਵਿਰੁੱਧ ਕੇਸ ਦਰਜ ਕਰਵਾਇਆ ਹੈ। ਮੋਨੂੰ ਮੁਤਾਬਿਕ ਊਸ਼ਾ ਦੀ ਸ਼ਾਦੀ ਗੁਰਮੀਤ ਸਿੰਘ ਨਾਲ ਦੋ ਸਾਲ ਪਹਿਲਾਂ ਹੋਈ ਸੀ। ਉਸ ਨੇ ਕਿਹਾ ਕਿ ਸਹੁਰੇ ਪਰਿਵਾਰ ਵਾਲੇ ਦਾਜ ਲਈ ਊਸ਼ਾ ਦੀ ਮਾਰਕੁੱਟ ਕਰਦੇ ਸਨ।
ਉਸ ਨੇ ਕਿਹਾ ਕਿ ਸਮਾਜਿਕ ਪੰਚਾਇਤਾਂ ਵਿੱਚ ਘਰ ਵਸਾਉਣ ਸੰਬਧੀ ਫ਼ੈਸਲੇ ਹੋਣ ਪਿੱਛੋਂ ਊਸ਼ਾ ਨੂੰ ਸੁਹਰੇ ਘਰ ਭੇਜਿਆ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਬਦਸਲੂਕੀ ਕੀਤੇ ਜਾਣ ਕਾਰਨ ਉਸ ਦੀ ਮੌਤ ਹੋਈ ਹੈ।