ਪਤਨੀ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ
ਇੱਥੋਂ ਦੇ ਡੱਬੂਆ ਥਾਣਾ ਖੇਤਰ ਵਿੱਚ ਬੀਤੀ ਰਾਤ ਔਰਤ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਡੱਬੂਆ ਪੁਲੀਸ ਸਟੇਸ਼ਨ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕਾ ਦੀ ਪਛਾਣ ਸੰਧਿਆ ਵਜੋਂ ਹੋਈ ਹੈ। ਉਹ ਆਪਣੇ ਪਤੀ ਅਨੁਜ ਅਤੇ ਦੋ ਬੱਚਿਆਂ ਨਾਲ ਗਾਜ਼ੀਪੁਰ ਰੋਡ ’ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮ੍ਰਿਤਕਾ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਹੈ।
ਮ੍ਰਿਤਕ ਔਰਤ ਦੇ ਪਤੀ ਅਨੁਜ ਜੋ ਡਰਾਈਵਰ ਹੈ, ਨੇ ਦੱਸਿਆ ਕਿ ਉਹ ਆਮ ਵਾਂਗ ਕੰਮ ਕਰਨ ਤੋਂ ਬਾਅਦ ਰਾਤ 9 ਵਜੇ ਘਰ ਵਾਪਸ ਆਇਆ ਸੀ। ਪਰਿਵਾਰ ਦੇ ਸਾਰੇ ਮੈਂਬਰ ਰਾਤ ਦੇ ਖਾਣੇ ਤੋਂ ਬਾਅਦ ਸੌਣ ਲਈ ਚਲੇ ਗਏ ਸਨ। ਅਨੁਜ ਇੱਕ ਕਮਰੇ ਵਿੱਚ ਇਕੱਲਾ ਸੌਂਦਾ ਸੀ, ਜਦੋਂ ਕਿ ਉਸ ਦੀ ਪਤਨੀ ਸੰਧਿਆ ਆਪਣੇ ਦੋ ਬੱਚਿਆਂ ਨਾਲ ਦੂਜੇ ਕਮਰੇ ਵਿੱਚ ਸੌਂ ਰਹੀ ਸੀ। ਜਦੋਂ ਅਨੁਜ ਦੇਰ ਰਾਤ ਉੱਠਿਆ, ਤਾਂ ਉਸ ਨੇ ਆਪਣੀ ਪਤਨੀ ਨੂੰ ਪੱਖੇ ਨਾਲ ਲਟਕਦਾ ਪਾਇਆ। ਉਸ ਨੇ ਤੁਰੰਤ ਪੁਲੀਸ ਅਤੇ ਗੁਆਂਢੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਅਨੁਜ ਤੇ ਸੰਧਿਆ ਦਾ ਵਿਆਹ 2009 ਵਿੱਚ ਹੋਇਆ ਸੀ। ਉਨ੍ਹਾਂ ਦਾ ਇੱਕ 13 ਸਾਲ ਦਾ ਪੁੱਤਰ ਅਤੇ ਇੱਕ 10 ਸਾਲ ਦੀ ਧੀ ਹੈ। ਸੂਚਨਾ ਮਿਲਣ ’ਤੇ ਡੱਬੂਆ ਪੁਲੀਸ ਸਟੇਸ਼ਨ ਦੀ ਟੀਮ ਦੇਰ ਰਾਤ ਮੌਕੇ ’ਤੇ ਪਹੁੰਚੀ, ਔਰਤ ਦੀ ਲਾਸ਼ ਨੂੰ ਪੱਖੇ ਤੋਂ ਉਤਾਰਿਆ ਅਤੇ ਪੋਸਟਮਾਰਟਮ ਲਈ ਬੀ ਕੇ ਹਸਪਤਾਲ ਭੇਜ ਦਿੱਤਾ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਸਬੰਧੀ ਖੁਲਾਸੇ ਹੋਣ ਦੀ ਸੰਭਾਵਨਾ ਹੈੈ।