ਜੀਂਦ ਖੰਡ ਮਿੱਲ ’ਚ ਗੰਨੇ ਦੀ ਪਿੜਾਈ ਸ਼ੁਰੂ
ਜੀਂਦ ਦੀ ਸਹਿਕਾਰੀ ਖੰਡ ਮਿੱਲ ਵਿੱਚ ਸਾਲ 2025-26 ਦੇ ਗੰਨਾ ਪਿੜਾਈ ਸੀਜ਼ਨ ਦਾ ਸ਼ੁੱਭ ਆਰੰਭ ਰਵਾਇਤੀ ਢੰਗ ਨਾਲ ਹਵਨ ਯੱਗ ਕਰਕੇ ਕੀਤਾ ਗਿਆ। ਇਸ ਸਮਾਗਮ ਵਿੱਚ ਹਰਿਆਣਾ ਦੇ ਸਹਿਕਾਰਿਤਾ, ਜੇਲ੍ਹ, ਚੋਣ ਅਤੇ ਸੈਰ-ਸਪਾਟਾ ਮੰਤਰੀ ਅਰਵਿੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਵੀਡੀਓ ਕਾਨਫਰੰਸ ਰਾਹੀਂ ਸ਼ਮੂਲੀਅਤ ਕੀਤੀ। ਉਨ੍ਹਾਂ ਮਿੱਲ ਦੇ ਸਫਲ ਅਤੇ ਸੁਚਾਰੂ ਸੰਚਾਲਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਵਿੱਚ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਦੇ ਪੁੱਤਰ ਰੁਦਰਾਕਸ਼ ਮਿੱਢਾ ਨੇ ਉਨ੍ਹਾਂ ਦੇ ਪ੍ਰਤੀਨਿਧ ਵਜੋਂ ਹਾਜ਼ਰੀ ਭਰੀ।
ਸਹਿਕਾਰਿਤਾ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦੇ ਰਹੀ ਹੈ, ਜਿਸ ਤਹਿਤ ਗੰਨੇ ਦੇ ਭਾਅ ਵਿੱਚ 15 ਰੁਪਏ ਦਾ ਵਾਧਾ ਕਰਕੇ ਇਸ ਨੂੰ 415 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ, ਜੋ ਕਿ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਮਿੱਲ ਨਾਲ 1500 ਕਿਸਾਨ ਅਤੇ 250 ਕਰਮਚਾਰੀ ਜੁੜੇ ਹੋਏ ਹਨ। ਪਿਛਲੇ ਸੀਜ਼ਨ ਦੌਰਾਨ ਮਿੱਲ ਨੇ 9.94 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਕੇ 88,150 ਕੁਇੰਟਲ ਖੰਡ ਤਿਆਰ ਕੀਤੀ ਸੀ। ਇਸ ਸਾਲ 15 ਲੱਖ ਕੁਇੰਟਲ ਗੰਨਾ ਪਿੜਾਈ ਅਤੇ 1.40 ਲੱਖ ਕੁਇੰਟਲ ਖੰਡ ਉਤਪਾਦਨ ਦਾ ਟੀਚਾ ਮਿਥਿਆ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਇਸ ਵਾਰ 16 ਲੱਖ ਕੁਇੰਟਲ ਗੰਨੇ ਦੀ ਬਾਂਡਿੰਗ ਕੀਤੀ ਗਈ ਹੈ ਅਤੇ ਸ਼ਰਦ ਰੁੱਤ ਦੀ ਬਿਜਾਈ 2010 ਏਕੜ ਵਿੱਚ ਹੋਈ ਹੈ, ਜੋ ਪਿਛਲੇ ਸਾਲ ਨਾਲੋਂ 35 ਫੀਸਦੀ ਵੱਧ ਹੈ। ਮਿੱਲ ਨਾਲ 200 ਨਵੇਂ ਕਿਸਾਨ ਜੁੜੇ ਹਨ। ਗੰਨਾ ਵਿਕਾਸ ਯੋਜਨਾ ਤਹਿਤ ਕਿਸਾਨਾਂ ਲਈ 313 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਰੁਦਰਾਕਸ਼ ਮਿੱਢਾ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਦਾ 2200 ਕਰੋੜ ਰੁਪਏ ਦਾ ਵਿਆਜ ਮੁਆਫ਼ ਕਰਕੇ ਉਨ੍ਹਾਂ ਨੂੰ ਆਰਥਿਕ ਰਾਹਤ ਦਿੱਤੀ ਹੈ।
