ਵਿਦਿਆਰਥਣਾਂ ਨੂੰ ਆਤਮ ਸੁਰੱਖਿਆ ਸਬੰਧੀ ਜਾਗਰੂਕ ਕੀਤਾ
ਜ਼ਿਲ੍ਹਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ ਦੀ ਯੋਗ ਅਗਵਾਈ ਹੇਠ ਪੁਲੀਸ ਟੀਮਾਂ ਵਿਦਿਅਕ ਸੰਸਥਾਵਾਂ ਵਿਚ ਔਰਤਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ। ਪੁਲੀਸ ਟੀਮਾਂ ਵਲੋਂ ਔਰਤਾਂ ਤੇ ਬਚਿੱਆਂ ਨੂੰ ਉਨਾਂ ਦੀ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਵੱਧ ਤੋਂ ਵੰਧ ਲੋਕਾਂ ਖਾਸ ਕਰ ਕੇ ਔਰਤਾਂ ਅਤੇ ਕੁੜੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ।
ਅੱਜ ਪੁਲੀਸ ਦੀ ਸੇਫ ਸਿਟੀ ਟੀਮ ਨੇ ਵਿਦਿਆ ਮੰਦਰ ਜੋਤੀਸਰ ਦੀਆਂ ਵਿਦਿਆਰਥਣਾਂ ਨੂੰ ਬੱਚਿਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਬਾਰੇ ਜਾਣਕਾਰੀ ਦਿੱਤੀ। ਪੁਲੀਸ ਟੀਮ ਨੇ ਛੋਟੇ ਬਚਿੱਆਂ, ਖਾਸ ਕਰ ਕੇ ਕੁੜੀਆਂ ਨੂੰ ਚੰਗੇ ਛੋਹ ਅਤੇ ਮਾੜੇ ਛੋਹ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਪੁਲੀਸ ਟੀਮ ਨੇ ਕੁੜੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਵੀ ਦਿੱਤੀੇ ਕੁੜੀਆਂ ਨੂੰ ਸੰਬੋਧਨ ਕਰਦਿਆਂ ਸੇਫ ਸਿਟੀ ਟੀਮ ਦੀ ਹੈਡ ਕਾਂਸਟੇਬਲ ਰਾਜਬੀਰ ਕੌਰ ਅਤੇ ਐੱਸ.ਪੀ.ਓ. ਅਮਿਤਾ ਨੇ ਕਿਹਾ ਕਿ ਪੁਲੀਸ ਹਮੇਸ਼ਾ ਤੁਹਾਡੇ ਨਾਲ ਹੈ। ਔਰਤਾਂ ਦੀ ਸੁਰੱਖਿਆ ਲਈ ਪੁਲੀਸ ਵਿਭਾਗ ਵਲੋਂ ਦੁਰਗਾ ਸ਼ਕਤੀ ਐਪ ਲਾਂਚ ਕੀਤਾ ਗਿਆ ਹੈ, ਦੁਰਗਾ ਸ਼ਕਤੀ ਐਪ ਦੇ ਲਾਲ ਬਟਨ ਨੂੰ ਦਬਾਉਣ ਨਾਲ ਤੁਹਾਨੂੰ ਪੁਲੀਸ ਦੀ ਮਦਦ ਮਿਲੇਗੀ। ਉਨਾਂ ਕਿਹਾ ਕਿ ਲੜਕੀਆਂ ਨੂੰ ਦੁਰਗਾ ਐਪ ’ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਚਾਹੀਦਾ ਹੈ। ਉਨ੍ਹਾਂ ਹੈਲਪ ਲਾਈਨ ਨੰਬਰ 1091 ਅਤੇ 112 ਰਾਹੀਂ ਪੁਲੀਸ ਨੂੰ ਸੂਚਨਾ ਦੇਣ ’ਤੇ ਤੁਰੰਤ ਕਾਰਵਾਈ ਹੋਣ ਬਾਰੇ ਦੱਸਿਆ।