ਪਰਾਲੀ ਸਾੜਨ ਦਾ ਅਸਰ ਅਗਲੇ ਦਿਨਾਂ ’ਚ ਹੋਵੇਗਾ: ਮਾਹਿਰ
ਉੱਤਰੀ ਭਾਰਤ ਵਿੱਚ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਗਿਆ ਹੈ। 15 ਤੋਂ 22 ਸਤੰਬਰ ਦੇ ਵਿਚਕਾਰ ਦਿੱਲੀ ਦੇ ਗੁਆਂਢੀ ਸੂਬਿਆਂ ਵਿੱਚ 64 ਖੇਤਾਂ ’ਚ ਅੱਗ ਲੱਗਣ ਦੀਆਂ ਰਿਪੋਰਟਾਂ ਹਨ। ਸ਼ੁਰੂਆਤੀ ਘਟਨਾਵਾਂ ਗਿਣਤੀ ਵਿੱਚ ਘੱਟ ਹਨ। ਇਨ੍ਹਾਂ ਨੇ ਅਜੇ ਤੱਕ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ। ਮਾਹਿਰ ਚਿਤਾਵਨੀ ਦਿੰਦੇ ਹਨ ਕਿ ਅਸਲ ਵਾਧਾ ਆਮ ਤੌਰ ’ਤੇ ਮੌਨਸੂਨ ਦੇ ਖੇਤਰ ਤੋਂ ਹਟਣ ਤੋਂ ਬਾਅਦ ਦੇਖਿਆ ਜਾਂਦਾ ਹੈ, ਉਹ ਆਮ ਤੌਰ ’ਤੇ ਅਕਤੂਬਰ ਦੇ ਅਖੀਰ ਦੇ ਆਸ-ਪਾਸ ਹੁੰਦਾ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਦੇ ਸੰਸਥਾਪਕ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਚੇਅਰ ਪ੍ਰੋਫੈਸਰ ਗੁਫਰਾਨ ਬੇਗ ਮੁਤਾਬਕ ਹਵਾ ਦੀ ਗਤੀ ਅਤੇ ਹਵਾ ਦੀ ਦਿਸ਼ਾ ਧੂੰਏਂ ਨੂੰ ਦਿੱਲੀ ਵਿੱਚ ਲਿਆਉਣ ਵਿੱਚ ਭੂਮਿਕਾ ਨਿਭਾਉਂਦੀ ਹੈ। ਭਾਰਤੀ ਖੇਤੀਬਾੜੀ ਖੋਜ ਸੰਸਥਾ ਨੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਨਿਰਧਾਰਤ 2021 ਸਟੈਂਡਰਡ ਪ੍ਰੋਟੋਕੋਲ ਤਹਿਤ ਇਕੱਤਰ ਸੈਟੇਲਾਈਟ ਡੇਟਾ ਅਨੁਸਾਰ ਪੰਜਾਬ ਵਿੱਚ ਹੁਣ ਤੱਕ 56 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਹਰਿਆਣਾ ਵਿੱਚ ਤਿੰਨ, ਉੱਤਰ ਪ੍ਰਦੇਸ਼ ਵਿੱਚ ਚਾਰ ਅਤੇ ਰਾਜਸਥਾਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵਿੱਚ ਖੋਜ ਅਤੇ ਵਕਾਲਤ ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਅਨੁਸਾਰ ਪਰਾਲੀ ਸਾੜਨ ਤੋਂ ਰੋਕਣ ਲਈ ਮੁੱਖ ਰਣਨੀਤੀਆਂ ਲਾਗੂ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਹਟਾਉਣ ਲਈ ਮਸ਼ੀਨਾਂ ਸਮੇਂ ਸਿਰ ਪਹੁੰਚਦੀਆਂ ਕਰਨ ਅਤੇ ਉਦਯੋਗ ਨੂੰ ਖੇਤਾਂ ’ਚੋਂ ਪਰਾਲੀ ਇਕੱਠੀ ਕਰਨਾ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਉਲਟ ਇਸ ਸਰਦੀਆਂ ਦੇ ਮੌਸਮ ਵਿੱਚ ਇੱਕ ਫ਼ਾਇਦਾ ਹੋਵੇਗਾ ਕਿਉਂਕਿ ਮੌਨਸੂਨ ਸਮੇਂ ਸਿਰ ਵਾਪਸ ਜਾਣਾ ਸ਼ੁਰੂ ਹੋ ਗਿਆ ਹੈ।