ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਸੈਟੇਲਾਈਟ ’ਚ ਨਹੀਂ ਹੋਈਆਂ ਕੈਦ
ਪੰਜਾਬ ਅਤੇ ਹਰਿਆਣਾ ਵਿੱਚ 90 ਫੀਸਦ ਤੋਂ ਵੱਧ ਖੇਤਾਂ ਵਿੱਚ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਦਾ ਪਤਾ ਹੁਣ ਅਧਿਕਾਰਤ ਨਿਗਰਾਨ ਪ੍ਰਣਾਲੀਆਂ ਰਾਹੀਂ ਨਹੀਂ ਲਗਾਇਆ ਜਾ ਰਿਹਾ ਹੈ ਕਿਉਂਕਿ ਕਿਸਾਨ ਦੁਪਹਿਰ ਤੋਂ ਬਾਅਦ ਪਰਾਲੀ ਸਾੜਦੇ ਹਨ ਤੇ ਇਹ ਘਟਨਾਵਾਂ ਦੁੁਪਹਿਰ ਤੋਂ ਬਾਅਦ ਸੈਟੇਲਾਈਟ ਵਿਚ ਕੈਦ ਨਹੀਂ ਹੋ ਰਹੀਆਂ। ਇਹ ਖੁਲਾਸਾ ਇੰਟਰਨੈਸ਼ਨਲ ਫੋਰਮ ਫਾਰ ਇਨਵਾਇਰਮੈਂਟ, ਸਸਟੇਨੇਬਿਲਟੀ ਐਂਡ ਟੈਕਨਾਲੋਜੀ (ਆਈਫੋਰੈਸਟ) ਵਲੋਂ ਪਰਾਲੀ ਸਾੜਨ ਦੀ ਸਥਿਤੀ ਰਿਪੋਰਟ 2025 ਵਿੱਚ ਕੀਤਾ ਗਿਆ ਹੈ। ਇਸ ਨਵੇਂ ਵਰਤਾਰੇ ਨਾਲ ਇਸ ਸਾਲ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦੇ ਯੋਗਦਾਨ ਦਾ ਸਹੀ ਢੰਗ ਨਾਲ ਅੰਦਾਜ਼ਾ ਨਹੀਂ ਲਗਾਇਆ ਗਿਆ।
ਆਈਫੋਰੈਸਟ ਨੇ ਕਿਹਾ ਕਿ ਸਰਕਾਰ ਦਾ ਮੌਜੂਦਾ ਨਿਗਰਾਨੀ ਪ੍ਰੋਟੋਕੋਲ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਕੰਸੋਰਟੀਅਮ ਫਾਰ ਰਿਸਰਚ ਆਨ ਐਗਰੋਈਕੋਸਿਸਟਮ ਮਾਨੀਟਰਿੰਗ ਐਂਡ ਮਾਡਲਿੰਗ ਫਰਾਮ ਸਪੇਸ (CREAMS) ਵਲੋਂ ਚਲਾਇਆ ਜਾਂਦਾ ਹੈ। ਇਹ ਜ਼ਿਆਦਾਤਰ ਖੇਤਾਂ ਵਿੱਚ ਅੱਗ ਲੱਗਣ ਦਾ ਪਤਾ ਲਗਾਉਣ ਵਿੱਚ ਅਸਮਰੱਥ ਹੈ ਕਿਉਂਕਿ ਇਹ ਮੁੱਖ ਤੌਰ ’ਤੇ ਧਰੁਵੀ-ਔਰਬਿਟਿੰਗ ਸੈਟੇਲਾਈਟਾਂ ’ਤੇ ਨਿਰਭਰ ਕਰਦਾ ਹੈ ਜੋ ਭਾਰਤ ਨੂੰ ਸਿਰਫ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਦੇ ਵਿਚਕਾਰ ਦੀ ਜਾਣਕਾਰੀ ਦਿੰਦੇ ਹਨ।
ਇਸ ਵਿੱਚ ਕਿਹਾ ਗਿਆ ਹੈ ਕਿ ਇੰਨੇ ਘੱਟ ਸਮੇਂ ਲਈ ਵਿੰਡੋ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਦੇ ਦੁਪਹਿਰ ਤੋਂ ਬਾਅਦ ਪਰਾਲੀ ਸਾੜਨ ਬਾਰੇ ਪਤਾ ਹੀ ਨਹੀਂ ਲਗਦਾ।
ਇਸ ਰਿਪੋਰਟ ਅਨੁਸਾਰ ਪੰਜਾਬ ਵਿੱਚ 2024 ਅਤੇ 2025 ਵਿੱਚ 90 ਫੀਸਦੀ ਤੋਂ ਵੱਧ ਵੱਡੇ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੁਪਹਿਰ 3 ਵਜੇ ਤੋਂ ਬਾਅਦ ਵਾਪਰੀਆਂ। ਜਦਕਿ 2021 ਵਿੱਚ ਇਸ ਸਮੇਂ ਤੋਂ ਬਾਅਦ ਸਿਰਫ 3 ਫੀਸਦੀ ਅਜਿਹੀਆਂ ਅੱਗਾਂ ਲੱਗੀਆਂ। ਹਰਿਆਣਾ ਵਿੱਚ 2019 ਤੋਂ ਬਾਅਦ ਜ਼ਿਆਦਾਤਰ ਵੱਡੀਆਂ ਅੱਗਾਂ ਦੁਪਹਿਰ 3:00 ਵਜੇ ਤੋਂ ਬਾਅਦ ਲੱਗੀਆਂ ਹਨ।
iFOREST ਨੇ ਚਿਤਾਵਨੀ ਦਿੱਤੀ ਕਿ ਦੇਰ ਦੁਪਹਿਰ ਅਤੇ ਸ਼ਾਮ ਦੌਰਾਨ ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਦਿੱਲੀ-ਐਨਸੀਆਰ ਲਈ ਨਿਕਾਸ ਦਾ ਅਨੁਮਾਨ ਲਗਾਉਣ ਅਤੇ ਹਵਾ-ਗੁਣਵੱਤਾ ਦੀ ਭਵਿੱਖਬਾਣੀ ਵਿੱਚ ਵੱਡੀਆਂ ਗਲਤੀਆਂ ਦਾ ਕਾਰਨ ਬਣਦੀਆਂ ਹਨ।
ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਨਾ ਮਿਲਣ ’ਤੇ ਅੱਗ ਨਾਲ ਸੜਿਆ ਹੋਇਆ ਖੇਤਰ ਵੀ ਅੱਗ ਲਗਣ ਦੀਆਂ ਘਟਨਾਵਾਂ ਬਾਰੇ ਦੱਸਦਾ ਹੈ।
ਸੈਂਟੀਨਲ-2 ਡਾਟਾ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਤਿੰਨ ਸਾਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸੜੇ ਹੋਏ ਖੇਤਰ ਵਿਚ ਵੀ 37 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੂਚਨਾ ਦਾ ਅਧਿਕਾਰ ਤਹਿਤ ਹਵਾ ਗੁਣਵੱਤਾ ਪ੍ਰਬੰਧਕ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਵਿੱਚ ਪਤਾ ਲੱਗਿਆ ਹੈ ਕਿ ਬੀਤੇ ਇਕ ਵਰ੍ਹੇ ਵਿੱਚ 6,469 ਦੇ ਮੁਕਾਬਲੇ ਦਰਜ ਕੇਸਾਂ ਦੀ ਗਿਣਤੀ ਘੱਟ ਕੇ 2,193 ਰਹਿ ਗਈ ਹੈ। ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਕੁੱਲ ਘਟਨਾਵਾਂ 2024 ਦੇ 12,750 ਦੇ ਮੁਕਾਬਲੇ ਘੱਟ ਕੇ 2025 ਵਿੱਚ 6,080 ਰਹਿ ਗਈਆਂ ਹਨ। ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਿੱਧੇ ਤੌਰ ’ਤੇ ਦਿੱਲੀ ਦੀ ਹਵਾ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਹਰ ਵਰ੍ਹੇ ਸਰਦੀਆਂ ਵਿੱਚ ਗੰਭੀਰ ਸਥਿਤੀ ਵਿੱਚ ਪਹੁੰਚ ਜਾਂਦੀ ਹੈ। ਹਾਲਾਂਕਿ, ਕਈ ਹਾਲੀਆ ਖੋਜ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਹੁਣ ਦਿੱਲੀ ਦੇ ਪ੍ਰਦੂਸ਼ਣ ਵਿੱਚ ਵਾਧੇ ਪਿੱਛੇ ਪਰਾਲੀ ਸਾੜਨਾ ਮੁੱਖ ਕਾਰਨ ਨਹੀਂ ਹੈ, ਕਿਉਂਕਿ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸਾਲ 2024 ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਦੇ ਦੋਸ਼ ਹੇਠ 6,469 ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ 2025 ਵਿੱਚ ਇਹ ਗਿਣਤੀ ਘੱਟ ਕੇ 2,193 ਰਹਿ ਗਈ ਹੈ।
-ਪੀਟੀਆਈ
