ਅਧਿਆਪਕਾਂ ਨੂੰ ਤਣਾਅ ਪ੍ਰਬੰਧਨ ਦੀ ਸਿਖਲਾਈ
ਸਥਾਨਕ ਮੋਤੀ ਲਾਲ ਨਹਿਰੂ ਪਬਲਿਕ ਸਕੂਲ ਵਿੱਚ ਸੀ ਬੀ ਐੱਸ ਈ ਵੱਲੋਂ ‘ਤਣਾਅ ਪ੍ਰਬੰਧਨ’ ਵਿਸ਼ੇ ’ਤੇ ਇੱਕ-ਰੋਜ਼ਾ ਸਿਖਲਾਈ ਵਰਕਸ਼ਾਪ ਲਾਈ ਗਈ। ਇਸ ਦਾ ਸੰਚਾਲਨ ਅਤੇ ਸਿਖਲਾਈ ਪ੍ਰਸਿੱਧ ਟ੍ਰੇਨਰ ਰਵਨੀਤ ਸਿੰਘ ਅਤੇ ਨਿਹਾਰਿਕਾ ਦਲਾਲ ਵੱਲੋਂ ਦਿੱਤੀ ਗਈ। ਸਿਖਲਾਈ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਅਤੇ ਦੋਵਾਂ ਟ੍ਰੇਨਰਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਨੇ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੜ੍ਹਾਈ ਦੇ ਕੰਮਾਂ ਦੇ ਨਾਲ-ਨਾਲ ਅਧਿਆਪਕਾਂ ਨਾਲ ਕਈ ਹੋਰ ਜ਼ਿੰਮੇਵਾਰੀਆਂ ਵੀ ਜੁੜੀਆਂ ਹੋਈਆਂ ਹਨ। ਅਜਿਹੇ ਵਿੱਚ ਤਣਾਅ ਦਾ ਸਹੀ ਪ੍ਰਬੰਧਨ ਕਰਨਾ ਹਰ ਅਧਿਆਪਕ ਲਈ ਬਹੁਤ ਜ਼ਰੂਰੀ ਹੈ। ਜੇ ਅਧਿਆਪਕ ਖੁਦ ਤਣਾਅ-ਮੁਕਤ ਰਹਿਣਗੇ, ਤਾਂ ਹੀ ਉਹ ਵਿਦਿਆਰਥੀਆਂ ਦੇ ਮਨੋਵਿਗਿਆਨਕ ਅਤੇ ਅਕਾਦਮਿਕ ਵਿਕਾਸ ਵਿੱਚ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣਗੇ।
ਟ੍ਰੇਨਰਾਂ ਨੇ ਕਿਹਾ ਕਿ ਤਣਾਅ ਜੀਵਨ ਦਾ ਇੱਕ ਹਿੱਸਾ ਹੈ ਅਤੇ ਜੇ ਇਸ ਦਾ ਸਹੀ ਢੰਗ ਨਾਲ ਪ੍ਰਬੰਧਨ ਕਰ ਲਿਆ ਜਾਵੇ ਤਾਂ ਇਹ ਪ੍ਰੇਰਨਾ ਦਾ ਇੱਕ ਸਰੋਤ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਤਣਾਅ ਪ੍ਰਬੰਧਨ ਕੇਵਲ ਅਧਿਆਪਕਾਂ ਲਈ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ਵੀ ਬਹੁਤ ਜ਼ਰੂਰੀ ਹੈ। ਅੱਜ ਦਾ ਮੁਕਾਬਲੇਬਾਜ਼ੀ ਵਾਲਾ ਮਾਹੌਲ ਵਿਦਿਆਰਥੀਆਂ ’ਤੇ ਦਬਾਅ ਪਾਉਂਦਾ ਹੈ, ਪਰ ਜੇ ਅਧਿਆਪਕ ਖੁਦ ਤਣਾਅ-ਮੁਕਤ ਹੋਣਗੇ, ਤਾਂ ਉਹ ਆਪਣੇ ਵਿਦਿਆਰਥੀਆਂ ਵਿੱਚ ਵੀ ਸਕਾਰਾਤਮਕ ਊਰਜਾ ਦਾ ਸੰਚਾਰ ਕਰ ਸਕਣਗੇ। ਉਨ੍ਹਾਂ ਸਮਝਾਇਆ, ‘ਸਾਨੂੰ ਇਹ ਸਮਝਣਾ ਹੋਵੇਗਾ ਕਿ ਤਣਾਅ ਸਾਡਾ ਦੁਸ਼ਮਣ ਨਹੀਂ, ਸਗੋਂ ਇੱਕ ਚਿਤਾਵਨੀ ਹੈ ਕਿ ਸਾਨੂੰ ਆਪਣੇ ਜੀਵਨ ਨੂੰ ਸੰਤੁਲਿਤ ਕਰਨ ਦੀ ਲੋੜ ਹੈ।’ ਪ੍ਰਿੰਸੀਪਲ ਨੇ ਭਰੋਸਾ ਦਿਵਾਇਆ ਕਿ ਸਕੂਲ ਭਵਿੱਖ ਵਿੱਚ ਵੀ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹੇਗਾ।
