ਸੌ ਦਿਨ ਦੇ ਕਾਰਜਕਾਲ ’ਚ ਵਾਅਦੇ ਪੂਰੇ ਕਰਨ ਲਈ ਕਦਮ ਚੁੱਕੇ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਫਰਵਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕੇਂਦਰ ਤੇ ਸੂਬੇ ਦੀ ਡਬਲ ਇੰਜਣ ਸਰਕਾਰ ਸੂਬੇ ਭਰ ਵਿੱਚ ਇਕੋ ਜਿਹੇ ਵਿਕਾਸ ਕਾਰਜ ਕਰਾਉਣ ਲਈ ਕੰਮ ਕਰ ਰਹੀ ਹੈ। ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਘਾਟ ਨਹੀਂ ਆਏਗੀ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲ ਰਹੀਆਂ ਹਨ ਤੇ ਉਨ੍ਹਾਂ ਦਾ ਸਰਕਾਰ ਵਿੱਚ ਵਿਸ਼ਵਾਸ਼ ਵਧਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੀਤੀ ਦੇਰ ਰਾਤ ਲਾਡਵਾ ਦੇ ਬ੍ਰਹਮਾ ਮੰਦਿਰ ਵਿੱਚ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਕਰਵਾਏ ਭਗਵਾਨ ਭੋਲੇ ਨਾਥ ਦੇ ਭਸਮ ਸ਼ਿੰਗਾਰ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਭ ਨੂੰ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਲਏ ਗਏ ਸੰਕਲਪ ਨੂੰ ਪੂਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਸਿੱਧਾ ਮਿਲ ਰਿਹਾ ਹੈ। ਆਨਲਾਈਨ ਪ੍ਰਕਿਰਿਆ ਨੇ ਕੰਮ ਵਿੱਚ ਪਾਰਦਸ਼ਤਾ ਲਿਆਂਦੀ ਹੈ ਤੇ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਸਮੇਂ ਸਿਰ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਮੈਨੀਫੈਸਟੋ ਵਿੱਚ ਕੀਤੇ ਐਲਾਨਾਂ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈ। ਅੱਜ ਸਰਕਾਰੀ ਹਸਪਤਾਲਾਂ ਤੇ ਨਿੱਜੀ ਸੰਸਥਾਵਾਂ ਵਿਚ ਡਾਇਲਸਿਸ ਦੀ ਸਹੂਲਤ ਮੁਫਤ ਉਪਲਭਧ ਹੈ। ਮਹਿਲਾ ਸਸ਼ਕਤੀਕਰਨ ਲਈ ਵੀ ਨਿਰੰਤਰ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਦੇ ਵਿਕਾਸ ਲਈ ਵਚਨਬੱਧ ਹੈ। ਕਿਸਾਨਾਂ ਦੇ ਹਿੱਤਾਂ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਵਿੱਚ ਪਹਿਲਾ ਸੂਬਾ ਹੈ, ਜਿਸ ਨੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਵੀ ਨਿਰਧਾਰਤ ਸਮੇਂ ਦੇ ਅੰਦਰ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਤੇ ਗਰੀਬ ਲੋਕਾਂ ਦੇ ਘਰ ਬਣਾਉਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ 15230 ਯੋਗ ਲਾਭ ਪਾਤਰੀਆਂ ਨੂੰ 30-30 ਗਜ ਦੇ ਪਲਾਟ ਉਪਲਭਧ ਕਰਵਾਏ ਗਏ ਹਨ। ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਗਰਗ ਨੇ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸਾਬਕਾ ਮੰਤਰੀ ਸੁਭਾਸ਼ ਸੁਧਾ, ਨਗਰਪਾਲਿਕਾ ਪ੍ਰਧਾਨ ਸਾਕਸ਼ੀ ਖੁਰਾਣਾ, ਮੰਡਲ ਪ੍ਰਧਾਨ ਸ਼ਿਵ ਗੁਪਤਾ, ਅਮਿਤ ਸਿੰਘਲ, ਰਾਕੇਸ਼ ਗਰਗ, ਦੇਵ ਰਾਜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਅਤੇ ਸ਼ਹਿਰ ਦੀਆਂ ਹੋਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਪਤਵੰਤੇ ਮੌਜੂਦ ਸਨ।