‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਅੰਬਾਲਾ ’ਚ ਰਾਜ ਪੱਧਰੀ ਸਮਾਰੋਹ; ਮੁੱਖ ਮੰਤਰੀ ਸੈਣੀ ਨੇ ਕੀਤੀ ਸ਼ਿਰਕਤ !
ਮਾਂ ਅੰਬਾ ਦੀ ਧਰਤੀ ਅੰਬਾਲਾ ਵਿੱਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ‘ਤੇ ਸ਼ਾਨਦਾਰ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵੰਦੇ ਮਾਤਰਮ ‘ਕੇਵਲ ਗੀਤ ਨਹੀਂ, ਭਾਰਤ ਦੀ ਆਤਮਾ, ਧੜਕਨ ਅਤੇ ਰਾਸ਼ਟਰੀ ਸਵਭਿਮਾਨ ਦਾ ਪ੍ਰਤੀਕ’ ਹੈ।
ਉਨ੍ਹਾਂ ਕਿਹਾ ਕਿ ਇਹ ਉਹ ਗੀਤ ਹੈ ਜਿਸ ਨੇ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜੇ ਭਾਰਤਵਾਸੀਆਂ ਨੂੰ ਹਿੰਮਤ, ਜਜ਼ਬਾ ਅਤੇ ਕੁਰਬਾਨੀ ਦੀ ਸ਼ਕਤੀ ਦਿੱਤੀ ਸੀ। ਉਨ੍ਹਾਂ ਯਾਦ ਕਰਵਾਇਆ ਕਿ ਬੰਕਿਮਚੰਦਰ ਚੱਟੋਪਾਧਿਆਏ ਨੇ 1875 ਵਿੱਚ ਇਹ ਗੀਤ ਰਚਿਆ ਸੀ ਅਤੇ ਰਵੀੰਦਰ ਨਾਥ ਟੈਗੋਰ ਨੇ 1896 ਵਿੱਚ ਇਸਦਾ ਪਹਿਲਾ ਲੋਕ ਵਾਚਨ ਕੀਤਾ। 1905 ਦੇ ਬੰਗਾਲ ਵੰਡ ਅੰਦੋਲਨ ਦੌਰਾਨ ਇਹ ਗੀਤ ਰਾਸ਼ਟਰੀ ਜਾਗਰੂਕਤਾ ਦੀ ਲਹਿਰ ਬਣ ਕੇ ਉਭਰਿਆ, ਜਿਸ ਕਾਰਨ ਅੰਗਰੇਜ਼ ਸਰਕਾਰ ਤੱਕ ਇਸਦੇ ਗਾਇਨ ‘ਤੇ ਪਾਬੰਦੀ ਲਗਾ ਬੈਠੀ ਸੀ। ਸ੍ਰੀ ਸੈਣੀ ਨੇ ਕਿਹਾ ਕਿ ਇਹ ਗੀਤ ਭਾਰਤ ਦੀਆਂ ਨਦੀਆਂ ਦੀ ਰੂਹ, ਖੇਤਾਂ ਦੀ ਹਰੀਆਲੀ ਅਤੇ ਧਰਤੀ ਦੇ ਗੌਰਵ ਦੀ ਗੂੰਜ ਹੈ।
ਸੈਣੀ ਨੇ ਕੁਝ ਰਾਜਨੀਤਿਕ ਗਰੁੱਪਾਂ ਵੱਲੋਂ ਵੰਦੇ ਮਾਤਰਮ ’ਤੇ ਇਤਰਾਜ਼ ਨੂੰ ‘ਦੇਸ਼ ਦੀ ਆਤਮਾ ਨਾ ਸਮਝਣ ਵਾਲਾ ਰਵੱਈਆ’ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵੀਰ ਸੂਰਮੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੋਂ ਲੈ ਕੇ ਹਜ਼ਾਰਾਂ ਆਜ਼ਾਦੀ ਸੈਨਾਨੀਆਂ ਤੱਕ ਵੰਦੇ ਮਾਤਰਮ ਦਾ ਨਾਅਰਾ ਲੈਂਦੇ ਹੋਏ ਸ਼ਹੀਦ ਹੋਏ, ਉਨ੍ਹਾਂ ਦੀ ਸ਼ਹਾਦਤ ਇਸ ਗੀਤ ਦੀ ਅਮਰ ਭਾਵਨਾ ਦਾ ਪ੍ਰਮਾਣ ਹੈ।
ਉਨ੍ਹਾਂ ਲੋਕਾਂ ਨੂੰ ਪੰਜ ਰਾਸ਼ਟਰੀ ਸੰਕਲਪ ਦਿਵਾਏ , ਰਾਸ਼ਟਰ ਪਹਿਲਾਂ, ਤੁਸ਼ਟੀਕਰਨ ਮੁਕਤ ਵਿਕਾਸ, ਸਭ ਲਈ ਸਮਾਨ ਮੌਕਾ ਤੇ ਸਨਮਾਨ, ਸਵਦੇਸ਼ੀ ਅਤੇ ਨਵੀਨਤਾ, ਅਤੇ ਰਾਸ਼ਟਰ ਵਿਰੋਧੀ ਤਾਕਤਾਂ ਖਿਲਾਫ਼ ਜ਼ੀਰੋ ਟੋਲਰੈਂਸ। ਉਨ੍ਹਾਂ ਕਿਹਾ ਕਿ ਜਦੋਂ ਇਹ ਪੰਜ ਸੰਕਲਪ ਹਰ ਨਾਗਰਿਕ ਦੀ ਜ਼ਿੰਦਗੀ ਦਾ ਹਿੱਸਾ ਬਣਣਗੇ, ਤਦ ਹੀ ਵੰਦੇ ਮਾਤਰਮ ਦੇ 150 ਸਾਲ ਸੱਚੇ ਮਾਇਨੇ ਵਿੱਚ ਸਫਲ ਹੋਣਗੇ।
ਇਸ ਦੌਰਾਨ ਨਵੀਂ ਦਿਲੀ ’ਚ ਹੋ ਰਹੇ ਮੁੱਖ ਸਮਾਰੋਹ ਦਾ ਲਾਈਵ ਪ੍ਰਸਾਰਣ ਦਿਖਾਇਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੀਤ ਦੀ ਅਮਰ ਗੂੰਜ ਨੂੰ ਨਮਨ ਕੀਤਾ। ਕਲਾਸੀਕਲ ਸੰਗੀਤਕਾਰ ਪੰਡੀਤ ਸੁਭਾਸ਼ ਘੋਸ਼ ਦੀ ਵੰਦੇ ਮਾਤਰਮ ਦੀ ਸੁਰਮਈ ਰਚਨਾ ਨੇ ਹਾਜ਼ਰ ਦਰਸ਼ਕਾਂ ਨੂੰ ਮੋਹ ਲਿਆ।
