ਨੌਜਵਾਨਾਂ ਦਾ ਸਰਬਪੱਖੀ ਵਿਕਾਸ ਕਰਦੀਆਂ ਨੇ ਖੇਡਾਂ: ਖਹਿਰਾ
ਜੇ ਜੇ ਪੀ ਯੂਥ ਦੇ ਸਟੇਟ ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਖਹਿਰਾ ਨੇ ਅੱਜ ਪਿੰਡ ਚਨਾਰਹੇੜੀ ਵਿੱਚ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪਿੰਡ ਪੁੱਜਣ ’ਤੇ ਉਨ੍ਹਾਂ ਦਾ ਪਿੰਡ ਵਾਸੀਆਂ ਤੇ ਖਿਡਾਰੀਆਂ ਨੇ ਸਵਾਗਤ ਕੀਤਾ। ਸ੍ਰੀ ਖਹਿਰਾ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਸ੍ਰੀ ਖਹਿਰਾ ਨੇ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹਨ ਸਗੋਂ ਅਨੁਸ਼ਾਸਨ, ਸਖ਼ਤ ਮਿਹਨਤ, ਟੀਮ ਵਰਕ ਤੇ ਲੀਡਰਸ਼ਿਪ ਦਾ ਸਭ ਤੋਂ ਵੱਡਾ ਮੰਚ ਹਨ। ਉਨਾਂ ਕਿਹਾ ਕਿ ਪੇਂਡੂ ਨੌਜਵਾਨਾਂ ਵਿੱਚ ਅਥਾਹ ਹੁਨਰ ਹੁੰਦਾ ਹੈ ਤੇ ਜੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਉਹ ਸੂਬਾ ਤੇ ਕੌਮੀ ਪੱਧਰ ’ਤੇ ਪਛਾਣ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਇੱਕ ਖੇਡ ਨਹੀਂ ਹਨ ਇਹ ਭਵਿੱਖ ਲਈ ਨਵੀਂ ਉਮੀਦ ਹਨ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਤੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਖੇਡ ਸਮਾਗਮ ਸਮਾਜਿਕ ਸਦਭਾਵਨਾ, ਯੁਵਾ ਊਰਜਾ ਤੇ ਸਕਾਰਾਤਮਕ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸ੍ਰੀ ਖਹਿਰਾ ਨੇ ਖਿਡਾਰੀਆਂ ਨੂੰ ਲਗਾਤਾਰ ਅਭਿਆਸ ਅਤੇ ਤੰਦਰੁਸਤੀ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਤੋਂ ਉੱਪਰ ਉੱਠ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ, ਕੋਚਾਂ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਇਸ ਖੇਤਰ ਦੇ ਨੌਜਵਾਨ ਖੇਡਾਂ ’ਚ ਨਾਮ ਬਣਾਉਣਗੇ।
