ਸਕੂਲ ’ਚ ਭਾਸ਼ਣ ਤੇ ਸ਼ਬਦ ਗਾਇਨ ਮੁਕਾਬਲੇ
ਡਿਵਾਈਨ ਪਬਲਿਕ ਸਕੂਲ ਵਿਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਡਿਵਾਈਨ ਪਬਲਿਕ ਸਕੂਲ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਭਾਸ਼ਣ, ਕਵਿਤਾ ਪਾਠ, ਸ਼ਬਦ ਗਾਇਨ, ਕੁਇਜ਼ ਅਤੇ ਸਲੋਗਨ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ਾਂ ਤੇ ਧਰਮ ਦੀ ਰੱਖਿਆ ਲਈ ਕੁਰਬਾਨੀ ਬਾਰੇ ਪੇਸ਼ਕਾਰੀਆਂ ਦਿੱਤੀਆਂ। ਡਿਵਾਈਨ ਸਕੂਲ ਦੇ ਵਾਲੰਟੀਅਰਾਂ ਨੇ ਬਤੌਰ ਗਾਈਡ ਪ੍ਰੋਗਰਾਮ ਦਾ ਸੰਚਾਲਨ ਕਰ ਮਹੱਤਵਪੂਰਨ ਯੋਗਦਾਨ ਪਾਇਆ। ਸਮਾਗਮ ਵਿਚ ਵੱਖ ਵੱਖ 14 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਡਿਵਾਈਨ ਸਕੂਲ ਨੇ ਖੁਦ ਆਪਣੇ ਆਪ ਨੂੰ ਹਰੇਕ ਮੁਕਾਬਲੇ ਤੋਂ ਬਾਹਰ ਰੱਖਿਆ। ਸ਼ਬਦ ਗਾਇਨ ਤੇ ਸਲੋਗਨ ਮੁਕਾਬਲੇ ਵਿੱਚ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਅਤੇ ਸੀਨੀਅਰ ਵਰਗ ਵਿਚ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਸਨ।
ਕਵਿਤਾ ਪਾਠ ਸਿਰਫ 6ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਹੀ ਕਰਵਾਏ ਗਏ। ਜੱਜਮੈਂਟ ਦੀ ਭੂਮਿਕਾ ਮੁੱਖ ਮਹਿਮਾਨ ਮਨਜੀਤ ਕੌਰ, ਡਾ. ਐੱਨ ਪੀ ਸਿੰਘ, ਪ੍ਰਿਤਪਾਲ ਸਿੰਘ ਅਤੇ ਸਤਵਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਸਮਾਗਮ ਦੇ ਅੰਤ ਵਿਚ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਮਨੀਸ਼ ਮਲਿਕ ਨੇ ਸਕੂਲਾਂ ਦੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਤੇ ਭਵਿੱਖ ਵਿਚ ਵੀ ਅਜੇਹੇ ਸਮਾਗਮ ਜਾਰੀ ਰੱਖਣ ਦਾ ਭਰੋਸਾ ਦਿੱਤਾ।
