ਬਰਸਾਤ ਦੇ ਮੌਸਮ ’ਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ: ਐੱਸਡੀਐੱਮ
ਇੱਥੇ ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਨਗਰ ਕੌਂਸਲ ਅਧਿਕਾਰੀਆਂ ਅਤੇ ਬੀਡੀਪੀਓਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਬਰਸਾਤ ਦੇ ਮੌਸਮ ਦੌਰਾਨ ਨਾਲੀਆਂ ਅਤੇ ਸੀਵਰਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ, ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇੱਥੇ ਅੱਜ ਲਗਾਏ ਸਮਾਧਾਨ ਕੈਂਪ ਵਿੱਚ ਐੱਸਡੀਐੱਮ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। ਕੈਂਪ ਵਿੱਚ ਸਫਾਈ ਨਾਲ ਸਬੰਧਤ ਸਮੱਸਿਆਵਾਂ ਸਾਹਮਣੇ ਆਉਣ ’ਤੇ ਐੱਸਡੀਐੱਮ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਸ਼ਹਿਰੀ ਖੇਤਰਾਂ ਦੀ ਜ਼ਿੰਮੇਵਾਰੀ ਨਗਰਪਾਲਿਕਾ ਦੀ ਹੈ, ਜਦੋਂਕਿ ਪੇਂਡੂ ਖੇਤਰਾਂ ਵਿੱਚ, ਦੋਵੇਂ ਬੀਡੀਪੀਓਜ਼ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਚਾਇਤਾਂ ਦੀ ਮਦਦ ਨਾਲ ਨਿਯਮਿਤ ਤੌਰ ‘ਤੇ ਸਫਾਈ ਕੀਤੀ ਜਾਵੇ।
ਕੈਂਪ ਵਿੱਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਨਾਗਰਿਕਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਪਿੰਡ ਹਸਨਪੁਰ ਦੇ ਜੀਤ ਰਾਮ ਨੇ ਦੱਸਿਆ ਕਿ ਉਸ ਦੇ ਨਾਮ ’ਤੇ ਕੋਈ ਬਿਜਲੀ ਮੀਟਰ ਰਜਿਸਟਰਡ ਨਹੀਂ ਹੈ ਅਤੇ ਉਸ ਦਾ ਬੀਪੀਐੱਲ ਰਾਸ਼ਨ ਕਾਰਡ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਕਿਸੇ ਹੋਰ ਦਾ ਮੀਟਰ ਪਰਿਵਾਰਕ ਪਛਾਣ ਪੱਤਰ ਵਿੱਚ ਦਰਜ ਹੈ। ਉਸ ਨੇ ਇਸ ਨੂੰ ਠੀਕ ਕਰਨ ਦੀ ਬੇਨਤੀ ਕੀਤੀ।
ਕ੍ਰਿਸ਼ਨਾ ਦੇਵੀ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਰਿਵਾਰਕ ਪਛਾਣ ਪੱਤਰ ਵਿੱਚ ਚਾਰ ਬਿਜਲੀ ਮੀਟਰ ਦਰਜ ਹਨ, ਜਿਨ੍ਹਾਂ ਵਿੱਚੋਂ ਦੋ ਯਮੁਨਾਨਗਰ ਅਤੇ ਦੋ ਅੰਬਾਲਾ ਦੇ ਹਨ। ਇਸੇ ਤਰ੍ਹਾਂ ਕਾਲਜ ਰੋਡ ਦੁਰਗਾ ਕਲੋਨੀ ਨਰਾਇਣਗੜ੍ਹ ਦੇ ਵਾਸੀ ਧਰਮਵੀਰ ਸਿੰਘ ਨੇ ਵੀਐੱਸਕੇ ਸਕੂਲ ਨੇੜੇ ਨਾਲੇ ਦੀ ਸਫਾਈ ਦੀ ਮੰਗ ਕੀਤੀ।
ਨਰਾਇਣਗੜ੍ਹ ਦੇ ਰਵੀ ਸ਼ਰਮਾ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਅਤੇ ਨਬੀਪੁਰ ਰੋਡ ਰਾਜਾ ਵਾਲਾ ਤਾਲਾਬ ਦੇ ਨੇੜੇ ਤੋਂ ਕੂੜਾ ਹਟਾਉਣ ਦੀ ਬੇਨਤੀ ਕੀਤੀ। ਪਿੰਡ ਲੌਟਨ ਦੇ ਅਰਵਿੰਦ ਕੌਸ਼ਿਕ, ਅਸ਼ਵਨੀ ਕੁਮਾਰ ਅਤੇ ਰਾਕੇਸ਼ ਕੁਮਾਰ ਨੇ ਗੋਹਰ ਵਿੱਚ ਪਾਣੀ ਦੇ ਨਿਕਾਸ ਦੀ ਸ਼ਿਕਾਇਤ ਕੀਤੀ। ਪਿੰਡ ਬੜਾਗੜ੍ਹ ਦੇ ਮੋਹਨ ਸਿੰਘ ਨੇ ਪੰਚਾਇਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੀ ਸਮੱਸਿਆ ਬਾਰੇ ਗੱਲ ਕੀਤੀ। ਕੈਂਪ ਵਿੱਚ ਸੱਤ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਦੇ ਹੱਲ ਲਈ ਐੱਸਡੀਐੱਮ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਨਾਇਬ ਤਹਿਸੀਲਦਾਰ ਸੰਜੀਵ ਅਤਰੀ, ਬੀਡੀਪੀਓ ਸ਼ਹਿਜ਼ਾਦਪੁਰ ਸ਼ਬਨਮ ਰੇਲਹਨ, ਏਐੱਫਐੱਸਓ ਵਿਨੈ ਸੈਣੀ ਸਮੇਤ ਬਿਜਲੀ, ਜਨ ਸਿਹਤ, ਨਗਰ ਪਾਲਿਕਾ, ਜੰਗਲਾਤ ਵਿਭਾਗ, ਟਰਾਂਸਪੋਰਟ ਵਿਭਾਗ ਅਤੇ ਖੇਡ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।