ਐੱਸਪੀ ਵੱਲੋਂ ਸੀਆਈਏ ਰਤੀਆ ਦਾ ਅਚਨਚੇਤ ਦੌਰਾ
ਫਤਿਹਾਬਾਦ ਦੇ ਪੁਲੀਸ ਸੁਪਰਡੈਂਟ ਸਿਧਾਂਤ ਜੈਨ ਨੇ ਅੱਜ ਅਨਾਜ ਮੰਡੀ ਵਿਖੇ ਸੀਆਈਏ ਰਤੀਆ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਸੀਆਈਏ ਟੀਮ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ, ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਰੋਕਥਾਮ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਐੱਸਪੀ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਯਕੀਨੀ ਬਣਾਉਣ, ਆਮ ਲੋਕਾਂ ਨਾਲ ਬਿਹਤਰ ਸੰਚਾਰ ਬਣਾਈ ਰੱਖਣ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੀਆਈਏ ਦਫ਼ਤਰ ਦੀ ਇਮਾਰਤ ਦਾ ਵੀ ਨਿਰੀਖਣ ਕੀਤਾ ਅਤੇ ਪੁਲੀਸ ਕਰਮਚਾਰੀਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਬਾਰੇ ਪੁੱਛਗਿੱਛ ਕੀਤੀ। ਐੱਸਪੀ ਜੈਨ ਨੇ ਕਿਹਾ ਕਿ ਅਪਰਾਧਾਂ ’ਤੇ ਪ੍ਰਭਾਵਸ਼ਾਲੀ ਕੰਟਰੋਲ ਲਈ ਆਧੁਨਿਕ ਤਕਨੀਕੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਅਤੇ ਸਥਾਨਕ ਖੁਫੀਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਪੁਲੀਸ ਸਟੇਸ਼ਨ ਪੱਧਰ ਅਤੇ ਸੀਆਈਏ ਯੂਨਿਟਾਂ ਵਿਚਕਾਰ ਬਿਹਤਰ ਤਾਲਮੇਲ ਬਣਾਈ ਰੱਖਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ। ਨਿਰੀਖਣ ਕਰਨ ਮਗਰੋਂ ਐੱਸਪੀ ਸਿਧਾਂਤ ਜੈਨ ਰਤੀਆ ਦੇ ਜੈਨ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਧਵੀ ਤੋਂ ਆਸ਼ੀਰਵਾਦ ਲਿਆ ਅਤੇ ਅਧਿਆਤਮਿਕ ਚਰਚਾ ਕੀਤੀ। ਇਸ ਮੌਕੇ ਡੀਐੱਸਪੀ ਹੈੱਡਕੁਆਰਟਰ ਅਤੇ ਅਪਰਾਧ ਕੁਲਵੰਤ ਸਿੰਘ, ਸੀਆਈਏ ਰਤੀਆ ਇੰਚਾਰਜ ਸਹਾਇਕ ਸਬ ਇੰਸਪੈਕਟਰ ਰਛਪਾਲ ਸਿੰਘ, ਸਬ ਇੰਸਪੈਕਟਰ ਰਾਹੁਲ ਕੁਮਾਰ ਮੌਜੂਦ ਸਨ।