ਪੁੱਤ ਦੀ ਮੌਤ: ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਤੇ ਪਤਨੀ ਰਜ਼ੀਆ ਸੁਲਤਾਨਾ ਖਿਲਾਫ਼ ਕੇਸ ਦਰਜ
Former Punjab DGP Mustafa, ex-minister Razia Sultana booked ਹਰਿਆਣਾ ਪੁਲੀਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਖਿਲਾਫ਼ ਉਨ੍ਹਾਂ ਦੇ ਪੁੱਤ ਦੀ ਮੌਤ ਦੇ ਸਬੰਧ ਵਿਚ ਕੇਸ ਦਰਜ ਕੀਤਾ ਹੈ। ਕੇਸ ਵਿਚ ਕਤਲ ਤੇ ਅਪਰਾਧਿਕ ਸਾਜ਼ਿਸ਼ ਜਿਹੇ ਦੋਸ਼ਾਂ ਨਾਲ ਸਬੰਧਤ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਮੁਸਤਫ਼ਾ ਤੇ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਖ਼ਤਰ (35) ਦੀ ਲੰਘੇ ਵੀਰਵਾਰ ਨੂੰ ਹਰਿਆਣਾ ਦੇ ਪੰਚਕੂਲਾ ਵਿਚ ਮੌਤ ਹੋ ਗਈ ਸੀ।
ਸ਼ਮਸ਼ੂਦੀਨ ਨਾਂ ਦੇ ਸ਼ਖ਼ਸ ਦੀ ਸ਼ਿਕਾਇਤ ’ਤੇ ਦਰਜ ਐੱਫਆਈਆਰ ਮੁਤਾਬਕ ਅਖ਼ਤਰ ਦੀ ਮੌਤ ‘ਸ਼ੱਕੀ ਹਾਲਾਤ’ ਵਿਚ ਹੋਈ। ਪੰਚਕੂਲਾ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਮੁਸਤਫ਼ਾ, ਸੁਲਤਾਨਾ ਤੇ ਅਖ਼ਤਰ ਦੀ ਭੈਣ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਏਸੀਪੀ-ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ, ਜੋ ਕੇਸ ਦੇ ਸਾਰੇ ਪਹਿਲੂਆਂ ਦੀ ਡੂੰਘੀ ਅਤੇ ਵਿਗਿਆਨਕ ਜਾਂਚ ਕਰੇਗੀ।
ਪੰਚਕੂਲਾ ਦੀ ਡੀਸੀਪੀ ਸ੍ਰਿਸ਼ਟੀ ਗੁਪਤਾ ਮੁਤਾਬਕ ਅਕੀਲ ਅਖ਼ਤਰ 16 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 4 ਐਮਡੀਸੀ ਵਿਚਲੇ ਆਪਣੇ ਘਰ ਵਿਚ ਮ੍ਰਿਤ ਮਿਲਿਆ ਸੀ। ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਸ਼ੁਰੂ ਵਿੱਚ ਮੌਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਸ਼ੁਬ੍ਹਾ ਨਹੀਂ ਸੀ ਅਤੇ ਪੋਸਟਮਾਰਟਮ ਜਾਂਚ ਤੋਂ ਬਾਅਦ ਲਾਸ਼ ਅੰਤਿਮ ਰਸਮਾਂ ਲਈ ਪਰਿਵਾਰ ਨੂੰ ਸੌਂਪ ਦਿੱਤੀ ਗਈ। ਹਰਿਆਣਾ ਪੁਲੀਸ ਨੇ ਕਿਹਾ ਕਿ ਮਗਰੋਂ ਕੁਝ ਸੋਸ਼ਲ ਮੀਡੀਆ ਪੋਸਟਾਂ ਅਤੇ ਵੀਡੀਓ ਸਾਹਮਣੇ ਆਏ, ਜੋ ਅਕੀਲ ਅਖ਼ਤਰ ਵੱਲੋਂ ਕਥਿਤ ਆਪਣੀ ਮੌਤ ਤੋਂ ਪਹਿਲਾਂ ਬਣਾਏ ਗਏ ਸਨ, ਜਿਸ ਵਿੱਚ ਨਿੱਜੀ ਝਗੜਿਆਂ ਅਤੇ ਉਸ ਦੀ ਜਾਨ ਨੂੰ ਖਤਰੇ ਦੇ ਖਦਸ਼ਿਆਂ ਦਾ ਦੋਸ਼ ਲਗਾਇਆ ਗਿਆ ਸੀ।
ਡੀਸੀਪੀ ਗੁਪਤਾ ਨੇ ਕਿਹਾ, ‘‘17 ਅਕਤੂਬਰ ਨੂੰ ਪੰਜਾਬ ਦੇ ਮਲੇਰਕੋਟਲਾ ਦੇ ਸ਼ਮਸ਼ੂਦੀਨ ਨੇ ਸ਼ਿਕਾਇਤ ਦਿੱਤੀ, ਜਿਸ ਵਿੱਚ ਘਟਨਾ ਵਿੱਚ ਗੜਬੜੀ ਦਾ ਦੋਸ਼ ਲਗਾਇਆ ਗਿਆ ਸੀ।’’ ਡੀਸੀਪੀ ਨੇ ਕਿਹਾ ਕਿ ਸ਼ਿਕਾਇਤ ਅਤੇ ਸੋਸ਼ਲ ਮੀਡੀਆ ਪੋਸਟਾਂ ਦੇ ਮੱਦੇਨਜ਼ਰ, 20 ਅਕਤੂਬਰ ਨੂੰ ਧਾਰਾ 103(1), 61 ਬੀਐਨਐਸ ਤਹਿਤ ਪੁਲੀਸ ਸਟੇਸ਼ਨ ਐੱਮਡੀਸੀ, ਪੰਚਕੂਲਾ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਡੀਸੀਪੀ ਨੇ ਕਿਹਾ ਕਿ ਏਸੀਪੀ-ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (SIT) ਕੇਸ ਨਾਲ ਜੁੜੇ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕਰੇਗੀ।