ਕਦੇ ਸਵੀਟੀ ਕਦੇ ਸੀਮਾ...ਹਰਿਆਣਾ ਦੀ ਵੋਟਰ ਲਿਸਟ ਵਿਚ ਬ੍ਰਾਜ਼ੀਲ ਦੀ Larissa ਦੀ ਫੋਟੋ ਕਿਵੇਂ ਪਹੁੰਚੀ? ਮਾਡਲ ਨੇ ਦੱਸੀ ਸੱਚਾਈ
Haryana Voter List: ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿਚ ਫਰਜ਼ੀ ਵੋਟਿੰਗ ਦੇ ਮੁੱਦੇ ’ਤੇ ਬ੍ਰਾ਼ਜ਼ੀਲ ਦੀ ਇਕ ਮਾਡਲ ਦੀ ਤਸਵੀਰ ਦਿਖਾਉਣ ਮਗਰੋਂ ਇਹ ਮਾਮਲਾ ਪੂਰੇ ਦੇਸ਼ ਵਿਚ ਸੁਰਖੀਆਂ ਵਿਚ ਹੈ। ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਬ੍ਰਾਜ਼ੀਲ ਦੀ ਇਸ ਮਾਡਲ ਦੀ ਤਸਵੀਰ ਦੀ ਵਰਤੋਂ ਕਰਕੇ ਹਰਿਆਣਾ ਵਿਚ ਕਦੇ ਸੀਮਾ ਤਾਂ ਕਦੇ ਸਵੀਟੀ ਦੇ ਨਾਮ ’ਤੇ 22 ਵੋਟ ਪਾਏ ਗਏ। ਹੁਣ ਆਪਣੀ ਇਸ ਤਸਵੀਰ ਨੂੰ ਲੈ ਕੇ ਖੁ਼ਦ ਮਾਡਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਬ੍ਰਾਜ਼ੀਲ ਦੀ ਇਸ ਮਾਡਲ ਦਾ ਨਾਮ ਲਾਰਿਸਾ (Larissa) ਹੈ। ਲਾਰਿਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਸ ਦੀ ਤਸਵੀਰ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ ਤੇ ਉਸ ਦਾ ਭਾਰਤ ਦੀ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਪੁਰਤਗਾਲੀ ਭਾਸ਼ਾ ਵਿਚ ਜਾਰੀ ਵੀਡੀਓ ਲਾਰਿਸਾ ਨੇ ਕਿਹਾ, ‘‘Hello India... ਮੈਨੂੰ ਕੁਝ ਭਾਰਤੀ ਪੱਤਰਕਾਰਾਂ ਨੇ ਤੁਹਾਡੇ ਲਈ ਇਕ ਵੀਡੀਓ ਕਰਨ ਵਾਸਤੇ ਕਿਹਾ ਸੀ, ਜਿਸ ਕਰਕੇ ਮੈਂ ਇਹ ਵੀਡੀਓ ਬਣਾ ਰਹੀ ਹਾਂ। ਮੇਰਾ ਭਾਰਤ ਦੀ ਰਾਜਨੀਤੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਮੈਂ ਬ੍ਰਾਜ਼ੀਲ ਦੀ ਮਾਡਲ ਤੇ ਡਿਜੀਟਲ ਇਨਫਲੂਐਂਸਰ ਹਾਂ। ਮੈਂ ਭਾਰਤ ਦੇ ਲੋਕਾਂ ਨੂੰ ਪਿਆਰ ਕਰਦੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਨਮਸਤੇ।’’
ਬ੍ਰਾਜ਼ੀਲੀਅਨ ਮਾਡਲ ਨੇ ਅੱਗੇ ਕਿਹਾ, ‘‘ਵੇਖੋ ਇਹ ਪੂਰਾ ਮਾਮਲਾ ਬਹੁਤ ਗੰਭੀਰ ਹੋ ਚੁੱਕਾ ਹੈ। ਕੁਝ ਭਾਰਤੀ ਪੱਤਰਕਾਰ ਮੇਰੇ ਕੋਲੋਂ ਜਾਣਕਾਰੀ ਮੰਗ ਰਹੇ ਹਨ। ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਮੈਂ ਹੀ ਉਹ ਰਹੱਸਮਈ ਬ੍ਰਾਜ਼ੀਲੀਨ ਮਹਿਲਾ ਹਾਂ, ਪਰ ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਹੁਣ ਮੈਂ ਮਾਡਲਿੰਗ ਨਹੀਂ ਕਰਦੀ। ਮੈਂ ਸਿਰਫ਼ ਬੱਚਿਆਂ ਦੀ ਪਰਵਰਿਸ਼ ਤੇ ਡਿਜੀਟਲ ਕੰਮ ਵਿਚ ਰੁੱਝੀ ਹਾਂ।’’
ਮੇਰੀ ਤਸਵੀਰ ਦੀ ਗ਼ਲਤ ਵਰਤੋਂ ਹੋਈ
ਲਾਰਿਸਾ ਨੇ ਦੱਸਿਆ ਕਿ ਉਸ ਦੀ ਤਸਵੀਰ ਇਕ ਸਟਾਕ ਇਮੇਜ ਵੈੱਬਸਾਈਟ ਤੋਂ ਖਰੀਦੀ ਗਈ ਸੀ, ਜਿਸ ਦੀ ਗ਼ਲਤ ਵਰਤੋਂ ਵੋਟਰ ਲਿਸਟ ਵਿਚ ਕੀਤੀ ਗਈ। ਉਸ ਨੇ ਕਿਹਾ, ‘‘ਇਹ ਮੈਂ ਨਹੀਂ ਸੀ, ਸਮਝੋ ਇਹ ਸਿਰਫ਼ ਮੇਰੀ ਤਸਵੀਰ ਸੀ। ਪਰ ਮੈਂ ਭਾਰਤੀਆਂ ਦੀ ਚਿੰਤਾ ਤੇ ਦਿਆਲਤਾ ਦੀ ਕਦਰ ਕਰਦੀ ਹਾਂ। ਮੈਨੂੰ ਤੁਹਾਡੀ ਭਾਸ਼ਾ ਨਹੀਂ ਆਉਂਦੀ, ਪਰ ਤੁਹਾਡੇ ਵੱਲੋਂ ਦਿਖਾਈ ਹਮਦਰਦੀ ਤੋਂ ਪ੍ਰਭਾਵਿਤ ਹਾਂ।’’
ਭਾਰਤੀ ਪ੍ਰਸ਼ੰਸਕਾਂ ਨੂੰ ਕਿਹਾ ‘ਨਮਸਤੇ’
ਵੀਡੀਓ ਦੇ ਅਖੀਰ ਵਿਚ ਲਾਰਿਸਾ ਨੇ ਮੁਸਕਰਾਉਂਦੇ ਹੋਏ ਕਿਹਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਭਾਰਤੀਆਂ ਵਾਂਗ ਦਿਖਦੀ ਹਾਂ? ਮੈਨੂੰ ਤਾਂ ਲੱਗਦਾ ਹੈ ਕਿ ਮੈਂ ਮੈਕਸਿਕਨ ਵਰਗੀ ਦਿਖਦੀ ਹਾਂ! ਪਰ ਭਾਰਤ ਦੇ ਲੋਕਾਂ ਲਈ ਮੇਰੇ ਦਿਲ ਵਿਚ ਪਿਆਰ ਹੈ। ਤੁਹਾਡੇ ਫਾਲੋਅਰਜ਼ ਨਾਲ ਗੱਲ ਕਰਨ ਦੀ ਉਡੀਕ ਹੈ।’’
ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਪੱਤਰਕਾਰਾਂ ਨੂੰ ਹਰਿਆਣਾ ਦੀ ਵੋਟਰ ਸੂਚੀ ਦਿਖਾਈ ਸੀ, ਜਿਸ ਵਿਚ ਬ੍ਰਾਜ਼ੀਲੀਅਨ ਮਾਡਲ ਦੀ ਤਸਵੀਰ ਦਾ ਕਈ ਨਾਵਾਂ ਨਾਲ ਇਸਤੇਮਾਲ ਕੀਤਾ ਗਿਆ ਸੀ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਿਆ ਸੀ। ਰਾਹੁਲ ਨੇ ਮਾਡਲ ਦੀ ਤਸਵੀਰ ਦਿਖਾਉਂਦਿਆਂ ਕਿਹਾ ਸੀ ਕਿ ਇਸ ਮਹਿਲਾ ਨੇ ‘ਕਦੇ ਸਵੀਟੀ ਤੇ ਕਦੇ ਸੀਮਾ ਬਣ ਕੇ’ 22 ਵਾਰ ਵੋਟ ਪਾਈ।
