ਪਾਣੀ ਘਟਣ ਮਗਰੋਂ ਸਕੂਲ ਅੰਦਰ ਆਉਣ ਲੱਗੇ ਸੱਪ
ਜ਼ਿਲ੍ਹੇ ਵਿੱਚ ਮੀਂਹ ਬੰਦ ਹੋਣ ਮਗਰੋਂ ਕੁਝ ਇਲਾਕਿਆਂ ਵਿੱਚ ਭਰਿਆ ਪਾਣੀ ਘਟ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਪਾਣੀ ਘਟਣ ਮਗਰੋਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਪਾਣੀ ਭਰਨ ਵਾਲੇ ਖੇਤਰਾਂ ’ਚੋਂ ਕੁਝ ਜ਼ਹਿਰੀਲੇ ਜਾਨਵਰ ਆਬਾਦੀ ਵਾਲੇ ਇਲਾਕੇ ਵਿੱਚ ਦਾਖਲ ਹੋਣ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਨਾ ਇਲਾਕੇ ਦੇ ਪਿੰਡ ਮਾਲਵੀ ਦੇ ਸਕੂਲ ਵਿੱਚ ਭਰੇ ਪਾਣੀ ਕਾਰਨ ਪਾਣੀ ਵਿੱਚੋਂ ਸੱਪ ਨਿਕਲਕੇ ਸਕੂਲ ਵਿੱਚ ਆ ਰਹੇ ਹਨ, ਜਿਸ ਕਾਰਨ ਸਕੂਲ ਦੇ ਬੱਚਿਆਂ ਦੀ ਸੁੱਰਖਿਆ ਨੂੰ ਖਤਰਾ ਹੋ ਗਿਆ ਹੈ। ਜ਼ਿਲ੍ਹੇ ਵਿੱਚ ਪਾਣੀ ਭਰਨ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਮਾਲਵੀ ਹੈ, ਜਿੱਥੇ ਤਲਾਬ ਓਵਰਫਲੋਅ ਹੋਣ ਕਾਰਨ ਪੀ.ਐੱਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਤੱਕ ਪਾਣੀ ਭਰਿਆ ਹੋਇਆ ਹੈ। ਸਕੂਲ ਦੇ ਪ੍ਰਿੰਸੀਪਲ ਅੰਜੂ ਗੋਇਲ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਖੇਤਾਂ ਵਿੱਚ ਭਰੇ ਹੋਏ ਪਾਣੀ ਅਤੇ ਸਕੂਲ ਦੇ ਗੇਟ ਸਾਹਮਣੇ ਭਰੇ ਹੋਏ ਪਾਣੀ ਕਾਰਨ ਸਕੂਲ ਦੇ ਬੱਚਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਵਿਧਾਇਕਾ ਵਿਨੇਸ਼ ਫੌਗਾਟ ਨੇ ਦਿਵਾਇਆ ਹੱਲ ਦਾ ਭਰੋਸਾ
ਇਸ ਨੂੰ ਲੈਕੇ ਜੁਲਾਨਾ ਹਲਕੇ ਦੀ ਕਾਂਗਰਸ ਵਿਧਾਇਕਾ ਵਿਨੇਸ਼ ਫੌਗਾਟ ਨੇ ਪਿੰਡ ਬਰਾੜਖੇੜਾ, ਬੁਆਨਾ, ਖਰੈਂਟੀ, ਗੜਵਾਲੀ ਝਮੋਲਾ, ਕਰੇਲਾ, ਮਾਲਵੀ ਅਤੇ ਦੇਵਰੜ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਪਾਣੀ ਦੀ ਸੱਮਸਿਆ ਤੋਂ ਜਲਦ ਰਾਹਤ ਦਿਵਾਉਣ ਦਾ ਭਰੋਸਾ ਦਿਵਾਇਆ। ਵਿਧਾਇਕਾ ਨੇ ਸਬੰਧਿਤ ਅਧਿਕਾਰੀਆਂ ਨੂੰ ਖੇਤਾਂ ਅਤੇ ਹੋਰ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਪਾਣੀ ਨੂੰ ਜਲਦ ਕੱਢਣ ਦੀਆਂ ਹਦਾਇਤਾ ਦਿੱਤੀਆਂ।