ਲੱਖਾਂ ਦੀ ਕੋਕੀਨ ਸਣੇ ਤਸਕਰ ਕਾਬੂ
ਪੁਲੀਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਲੱਖਾਂ ਰੁਪਏ ਦੀ ਕੋਕੀਨ ਸਮੇਤ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ’ਚ ਸ਼ਾਮਲ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਹਿਰ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲਗਾਤਾਰ ਸਖ਼ਤ ਅਤੇ ਸਟੀਕ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਾ ਤਸਕਰ ਨੂੰ ਫੜਨ ਦੀ ਸਫਲਤਾ ਹਾਸਲ ਕਰਨ ਵਾਲੀ ਸੀ.ਆਈ.ਏ. ਰਤੀਆ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੋਨੂੰ ਕੁਮਾਰ ਵਾਸੀ ਦਰਿਆਪੁਰ ਨੂੰ ਕਾਬੂ ਕੀਤਾ। ਕਥਿਤ ਦੋਸ਼ੀ ਨੂੰ ਹਾਂਸਪੁਰ ਫਤਿਹਾਬਾਦ ਬਾਈਪਾਸ ਨੇੜੇ ਉਸ ਸਮੇਂ ਫੜਿਆ ਗਿਆ ਜਦੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲੀਸ ਟੀਮ ਨੇ ਘੇਰਾਬੰਦੀ ਕੀਤੀ ਅਤੇ ਮੌਕੇ ’ਤੇ ਛਾਪਾ ਮਾਰਿਆ ਅਤੇ ਤਸਕਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਸੀ.ਆਈ.ਏ. ਰਤੀਆ ਇੰਚਾਰਜ ਰਿਛਪਾਲ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ 9.72 ਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਦੀ ਗੈਰ-ਕਾਨੂੰਨੀ ਬਾਜ਼ਾਰ ਵਿੱਚ ਅਨੁਮਾਨਤ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਕੋਕੀਨ ਵਰਗੇ ਘਾਤਕ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਦੀ ਬਰਾਮਦਗੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੁਲਜ਼ਮ ਕਿਸੇ ਵੱਡੇ ਗਰੋਹ ਨਾਲ ਜੁੜਿਆ ਹੋ ਸਕਦਾ ਹੈ। ਪੁਲੀਸ ਨੇ ਮੁਲਜ਼ਮ ਵਿਰੁੱਧ ਫਤਿਹਾਬਾਦ ਸ਼ਹਿਰ ਦੇ ਥਾਣੇ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ’ਚ ਪੜਤਾਲ ਕਰਨ ਮਗਰੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਪੁਲੀਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਫੜਿਆ ਗਿਆ ਮੁਲਜ਼ਮ ਕਿਹੜੇ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਸਾਥੀਆਂ ’ਤੇ ਵੀ ਸ਼ਿਕੰਜਾ ਕੱਸਣ ਦੀ ਯੋਜਨਾ ਬਣਾਈ ਜਾ ਰਹੀ ਹੈ।