ਅੰਬਾਲਾ ’ਚ ਸਥਿਤੀ ਕਾਬੂ; ਪੀੜਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਦੀਆਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਸਥਿਤੀ ਹੌਲੀ-ਹੌਲੀ ਠੀਕ ਹੋ ਰਹੀ ਹੈ। ਇੰਡਸਟਰੀਅਲ ਏਰੀਆ, ਵਿਕਾਸਪੁਰੀ, ਸੋਨੀਆ ਕਲੋਨੀ ਸਮੇਤ ਹੋਰ ਪ੍ਰਭਾਵਿਤ ਇਲਾਕਿਆਂ ’ਚ ਮਸ਼ੀਨਾਂ ਰਾਹੀਂ ਤੇਜ਼ੀ ਨਾਲ ਪਾਣੀ ਕੱਢਣ ਦਾ ਕੰਮ ਹੋ ਰਿਹਾ ਹੈ।
ਡੀਸੀ ਨੇ ਕਿਹਾ ਕਿ ਮਾਲ ਵਿਭਾਗ ਦੀਆਂ ਪੰਜ ਕਿਸਤੀਆਂ ਰਾਹੀਂ ਜਿਹੜੇ ਲੋਕ ਪਾਣੀ ਵਿੱਚ ਫਸੇ ਹੋਏ ਸਨ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ ਗਿਆ ਹੈ। ਸਮਾਜਸੇਵੀ ਗੌਰਵ ਗਰਗ ਨੇ ਵੀ ਰੈਸਕਿਊ ਕਾਰਜ ਵਿੱਚ ਸਹਿਯੋਗ ਦਿੱਤਾ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਾਲਾਤਾਂ ’ਚ ਐਨਡੀਆਰਐਫ ਜਾਂ ਫੌਜ ਦੀ ਲੋੜ ਨਹੀਂ ਪਈ ਸਿਰਫ਼ ਐੱਸਡੀਆਰਐੱਫ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹੀ ਸਥਿਤੀ ’ਤੇ ਕਾਬੂ ਪਾਉਣ ਲਈ ਮੌਕੇ ’ਤੇ ਤੈਨਾਤ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਘਰਾਂ ਅਤੇ ਖੇਤਾਂ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਪੋਰਟਲ ਰਾਹੀਂ ਹੀ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ। ਇਸ ਲਈ ਮਾਲ ਵਿਭਾਗ ਨੇ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਨੂੰ ਪੋਰਟਲ ਖੋਲ੍ਹਣ ਲਈ ਚਿੱਠੀ ਲਿਖੀ ਹੈ।
ਪ੍ਰਸ਼ਾਸਨ ਨੇ ਰੈਡਕਰਾਸ ਅਤੇ ਐਨਜੀਓਜ਼ ਦੀ ਮਦਦ ਨਾਲ ਲਗਭਗ ਤਿੰਨ ਹਜ਼ਾਰ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡੀ ਹੈ ਜਦਕਿ ਰਾਹਤ ਕੈਂਪਾਂ ਵਿੱਚ 1610 ਫੂਡ ਪੈਕੇਟ ਵੰਡੇ ਗਏ ਹਨ।