ਸਿਰਸਾ: ਮਨੀਪੁਰ ਮਾਮਲੇ ’ਚ ਖੱਬੇ ਪੱਖੀਆਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਪ੍ਰਭੂ ਦਿਆਲ
ਸਿਰਸਾ, 25 ਜੁਲਾਈ
ਮਨੀਪੁਰ ਹਿੰਸਾ ਤੇ ਔਰਤਾਂ ਨੂੰ ਨਿਰਵਸਤਰ ਕਰਕੇ ਕੇ ਪਰੇਡ ਦੇ ਮਾਮਲੇ ਵਿੱਚ ਖੱਬੇਪੱਖੀਆਂ ਵੱਲੋਂ ਕੇਂਦਰ ਤੇ ਮਨੀਪੁਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨ ਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਖੱਬੇਪੱਖੀ ਆਗੂ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਮਨੀਪੁਰ ’ਚ ਲਗਾਤਾਰ ਹਿੰਸਾ ਹੋ ਰਹੀ ਹੈ। ਮਹਿਲਾਵਾਂ ’ਤੇ ਅਤਿਆਚਾਰ ਕੀਤਾ ਜਾ ਰਿਹਾ ਹੈ। ਇਕ ਫਿਰਕੇ ਦੀਆਂ ਔਰਤਾਂ ਨੂੰ ਨੰਗਾ ਘੁਮਾਇਆ ਗਿਆ, ਜਿਸ ਨਾਲ ਪੂਰਾ ਦੇਸ਼ ਸ਼ਰਮਸਾਰ ਹੋਇਆ ਪਰ ਸਰਕਾਰ ਸੰਸਦ ਵਿੱਚ ਚਰਚਾ ਕਰਨ ਲਈ ਵੀ ਤਿਆਰ ਨਹੀਂ ਹੈ।ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਕੇਂਦਰ ਸਰਕਾਰ ਦੀ ਇਸ ਘਟਨਾ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪ੍ਰਦਰਸ਼ਨ ’ਚ ਸਰਵ ਕਰਮਚਾਰੀ ਸੰਘ ਨਾਲ ਜੁੜੇ ਕਰਮਚਾਰੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ’ਤੇ ਜਨਵਾਦੀ ਮਹਿਲਾ ਸਮਿਤੀ ਦੀ ਜ਼ਿਲ੍ਹਾ ਸਕੱਤਰ ਬਲਬੀਰ ਕੌਰ ਗਾਂਧੀ, ਇੰਦਰਜੀਤ ਸਿੰਘ, ਸੁਮਿਤ ਕੁਮਾਰ, ਰਾਮ ਕੁਮਾਰ, ਰਾਜ ਕੁਮਾਰ ਸ਼ੇਖੁਪੁਰੀਆ, ਸੀਟੂ ਨੇਤਾ ਕਿ੍ਰਪਾ ਸ਼ੰਕਰ ਤ੍ਰਿਪਾਠੀ ਤੇ ਅਸ਼ੋਕ ਪਟਵਾਰੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।