ਸ਼ਾਹ ਵੱਲੋਂ ਵਾਜਪਾਈ ਦੇ ਬੁੱਤ ਦਾ ਉਦਘਾਟਨ 24 ਨੂੰ
ਪੀ ਪੀ ਵਰਮਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 24 ਦਸੰਬਰ ਨੂੰ ਪੰਚਕੂਲਾ ਪਹੁੰਚ ਰਹੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ਦੀ ਪੂਰਵ ਸੰਧਿਆ ਮੌਕੇ ਐੱਮ ਡੀ ਸੀ ਸੈਕਟਰ-1 ਸਥਿਤ ਅਟਲ ਪਾਰਕ ਵਿੱਚ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਅੱਜ ਅਟਲ ਪਾਰਕ ਵਿੱਚ ਸਮਾਗਮ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਵੀ ਉਨ੍ਹਾਂ ਦੇ ਨਾਲ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਅਟਲ ਬਿਹਾਰੀ ਵਾਜਪਾਈ ਦੇ 41 ਫੁੱਟ ਉੱਚੇ ਧਾਤ ਦੇ ਬੁੱਤ ਦਾ ਉਦਘਾਟਨ ਕਰਨ ਤੋਂ ਬਾਅਦ ਅਮਿਤ ਸ਼ਾਹ ਉੱਥੇ ਹੀ ਖੂਨਦਾਨ ਕੈਂਪ ਦੀ ਸ਼ੁਰੂਆਤ ਵੀ ਕਰਨਗੇ। ਇਸ ਤੋਂ ਇਲਾਵਾ ਉਹ ਸੂਬਾ ਭਾਜਪਾ ਦਫ਼ਤਰ ‘ਪੰਚਕਮਲ’ ਵਿੱਚ ਲਾਈ ਪ੍ਰਦਰਸ਼ਨੀ ਦਾ ਨਿਰੀਖਣ ਕਰਨਗੇ। ਆਪਣੇ ਦੌਰੇ ਦੌਰਾਨ ਗ੍ਰਹਿ ਮੰਤਰੀ ਸੈਕਟਰ 3 ਸਥਿਤ ਤਾਊ ਦੇਵੀ ਲਾਲ ਸਪੋਰਟਸ ਸਟੇਡੀਅਮ ਵਿੱਚ 5,000 ਪੁਲੀਸ ਮੁਲਾਜ਼ਮਾਂ ਦੀ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣਗੇ ਅਤੇ ‘ਵੀਰ ਬਾਲ ਦਿਵਸ’ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਸ ਮੌਕੇ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕਮਿਸ਼ਨਰ ਡਾ. ਅਮਿਤ ਅਗਰਵਾਲ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਵਧੀਕ ਨਿਰਦੇਸ਼ਕ ਵਰਸ਼ਾ ਖਾਨਵਾਲ, ਭਾਜਪਾ ਆਗੂ ਬੰਤੋ ਕਟਾਰੀਆ ਅਤੇ ਸ਼ਿਆਮ ਲਾਲ ਬਾਂਸਲ ਸਮੇਤ ਕਈ ਉੱਚ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।
