ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਬਾਲਾ ਹਾਈਵੇਅ ’ਤੇ ਕਈ ਕਿਲੋਮੀਟਰ ਲੰਮਾ ਜਾਮ

ਕੁਰੂਕਸ਼ੇਤਰ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਆਵਾਜਾੲੀ ਪ੍ਰਭਾਵਿਤ; ਲੋਕ ਹੋਏ ਪ੍ਰੇਸ਼ਾਨ
Advertisement

ਸ਼ਾਹਬਾਦ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦਾ ਅਸਰ ਅੱਜ ਅੰਬਾਲਾ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲਿਆ। ਇੱਥੇ ਅੰਬਾਲਾ ਸ਼ਹਿਰ ਅਤੇ ਛਾਉਣੀ ਵਿਚਕਾਰ ਹਾਈਵੇਅ ਵੀਰਵਾਰ ਸ਼ਾਮ ਨੂੰ ਪੂਰੀ ਤਰ੍ਹਾਂ ਜਾਮ ਹੋ ਗਿਆ। ਜਾਣਕਾਰੀ ਅਨੁਸਾਰ ਇਹ ਜਾਮ ਅੰਬਾਲਾ ਸ਼ਹਿਰ ਦੇ ਕਾਲਕਾ ਚੌਕ ਤੋਂ ਸ਼ੁਰੂ ਹੋਇਆ ਅਤੇ ਅੰਬਾਲਾ ਛਾਉਣੀ ਤੱਕ ਲੱਗਿਆ ਰਿਹਾ। ਆਮ ਦਿਨਾਂ ਵਿੱਚ ਇਹ ਸਫਰ 15-20 ਮਿੰਟਾਂ ਵਿਚ ਮੁਕੰਮਲ ਹੋ ਜਾਂਦਾ ਹੈ ਪਰ ਅੱਜ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਿਆ। ਹਾਲਤ ਇੱਥੋਂ ਤੱਕ ਬਦਤਰ ਹੋ ਗਈ ਕਿ ਮੁੱਖ ਸੜਕ ਦੇ ਨਾਲ ਨਾਲ ਸਰਵਿਸ ਲੇਨ ’ਤੇ ਵੀ ਆਵਾਜਾਈ ਵਿਚ ਪੂਰੀ ਤਰ੍ਹਾਂ ਵਿਘਨ ਪਿਆ। ਛੋਟੇ ਵਾਹਨ, ਵੱਡੇ ਟਰੱਕ ਅਤੇ ਬੱਸਾਂ ਵੱਖ-ਵੱਖ ਥਾਵਾਂ 'ਤੇ ਟਰੈਫ਼ਿਕ ਜਾਮ ਵਿੱਚ ਫਸ ਗਈਆਂ। ਇਸ ਨਾਲ ਹਾਈਵੇਅ ਪੂਰੀ ਤਰ੍ਹਾਂ ਠੱਪ ਹੋ ਗਿਆ। ਕਈ ਕਿੱਲੋਮੀਟਰ ਤੱਕ ਟਰੱਕਾਂ ਅਤੇ ਭਾਰੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

ਇਸ ਜਾਮ ਦਾ ਮੁੱਖ ਕਾਰਨ ਕੁਰੂਕਸ਼ੇਤਰ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਕੀਤਾ ਗਿਆ ਅੰਦੋਲਨ ਸੀ ਜਿਸ ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਸਭ ਤੋਂ ਵੱਧ ਅੰਬਾਲਾ ਪ੍ਰਭਾਵਿਤ ਹੋਇਆ। ਜਾਮ ਦੀ ਸਥਿਤੀ ਨੂੰ ਵੇਖਦਿਆਂ ਅੰਬਾਲਾ ਪੁਲੀਸ ਅਤੇ ਟਰੈਫ਼ਿਕ ਪੁਲੀਸ ਨੇ ਮੋਰਚਾ ਸੰਭਾਲ ਲਿਆ ਅਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਤੇ ਯਾਤਰੀਆਂ ਨੂੰ ਬਦਲਵੇਂ ਰੂਟਾਂ ਵੱਲ ਭੇਜਿਆ। ਪ੍ਰਸ਼ਾਸਨ ਨੂੰ ਇਸ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰਨਾ ਪਿਆ। ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਦਿੱਲੀ-ਅੰਮ੍ਰਿਤਸਰ ਹਾਈਵੇਅ ਛੱਡ ਕੇ ਕੋਈ ਹੋਰ ਰਾਹ ਚੁਣਨ ਦੀ ਅਪੀਲ ਕੀਤੀ।

Advertisement

ਖ਼ਬਰ ਲਿਖਣ ਤੱਕ ਜਾਮ ਲੱਗਿਆ ਹੋਇਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਮ ਨੂੰ ਘਟਾਉਣ ਲਈ ਯਤਨ ਕੀਤੇ ਜਾ ਰਹੇ ਹਨ।

Advertisement
Show comments