ਐੱਸ ਡੀ ਐੱਮ ਵੱਲੋਂ ਸਫ਼ਾਈ ਕੰਮਾਂ ਦਾ ਜਾਇਜ਼ਾ
ਹਰਿਆਣਾ ਸ਼ਹਿਰ ਸਫ਼ਾਈ ਮੁਹਿੰਮ 2025 ਦੇ ਤਹਿਤ ਐੱਸ ਡੀ ਐੱਮ ਸੁਰੇਂਦਰ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦਾ ਨਿਰੀਖਣ ਕੀਤਾ, ਜਿਸ ਵਿੱਚ ਮਾਡਲ ਟਾਊਨ, ਵਾਰਡ ਨੰਬਰ 10 ਕ੍ਰਿਸ਼ਨ ਗਊਸ਼ਾਲਾ ਮੰਡੀ ਰੋਡ ਸ਼ਾਮਲ ਹੈ।
ਉਨ੍ਹਾਂ ਸਾਰੇ ਵਿਭਾਗਾਂ ਨੂੰ ਸਵੱਛ ਭਾਰਤ ਅਭਿਆਨ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਸਾਰੇ ਵਿਭਾਗਾਂ ਨੂੰ ਆਪਣੇ ਦਫਤਰਾਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣੀ ਲਈ ਹਦਾਇਤਾਂ ਜਾਰੀ ਕੀਤੀਆਂ। ਐੱਸ ਡੀ ਐੱਮ ਸੁਰੇਂਦਰ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਸਫ਼ਾਈ ਤੱਕ ਸੀਮਤ ਨਹੀਂ ਹੈ, ਸਗੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਇਸ ਨੂੰ ਇੱਕ ਜਨ ਅੰਦੋਲਨ ਬਣਾਉਣਾ ਹੈ। ਐੱਸ ਡੀ ਐੱਮ ਨੇ ਕਿਹਾ ਕਿ ਨਗਰ ਨਿਗਮ ਦੀਆਂ ਟੀਮਾਂ ਨਿਯਮਿਤ ਤੌਰ ’ਤੇ ਰਿਹਾਇਸ਼ੀ ਖੇਤਰਾਂ, ਬਾਜ਼ਾਰਾਂ, ਜਨਤਕ ਥਾਵਾਂ ਅਤੇ ਪਾਰਕਾਂ ਦੀ ਸਫ਼ਾਈ, ਘਰ-ਘਰ ਕੂੜਾ ਇਕੱਠਾ ਕਰਨਾ, ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਇਕੱਠਾ ਕਰਨਾ, ਨਾਲੀਆਂ ਦੀ ਸਫ਼ਾਈ, ਪੋਲੀਥੀਨ ਦੀ ਵਰਤੋਂ ’ਤੇ ਪਾਬੰਦੀ, ਕੂੜੇ ਦੇ ਖੁੱਲ੍ਹੇ ਡੰਪਿੰਗ ਨੂੰ ਰੋਕਣਾ, ਅਤੇ ਲੋਕਾਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪ੍ਰਚਾਰ ਮੁਹਿੰਮਾਂ ਵੀ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਆਪੋ-ਆਪਣੇ ਇਲਾਕੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਫ਼ ਸਫ਼ਾਈ ਰੱਖਣ ਦੀ ਅਪੀਲ ਕੀਤੀ। ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਐੱਸ ਡੀ ਐੱਮ ਨਾਲ ਮੌਜੂਦ ਸਨ।