ਐੱਸ.ਡੀ.ਐੱਮ. ਨੇ ਸਫ਼ਾਈ ਮੁਹਿੰਮ ਤਹਿਤ ਪੌਦੇ ਲਾਏ
ਹਰਿਆਣਾ ਸ਼ਹਿਰ ਸਫ਼ਾਈ ਮੁਹਿੰਮ 2025 ਦੇ ਤਹਿਤ ਨਗਰ ਨਿਗਮ ਨੇ ਰਤੀਆ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਇੱਕ ਜਾਗਰੂਕਤਾ ਮੁਹਿੰਮ ਚਲਾਈ, ਜਿਸ ਵਿੱਚ ਕਈ ਥਾਵਾਂ ’ਤੇ ਸਫਾਈ ਕੀਤੀ ਗਈ ਅਤੇ ਪੋਲੀਥੀਨ ਦੀ ਵਰਤੋਂ ਦੇ ਵਿਰੁੱਧ ਜਾਗਰੂਕ ਕੀਤਾ ਗਿਆ।
ਇਸ ਮੁਹਿੰਮ ਦੌਰਾਨ ਐੱਸ ਡੀ ਐੱਮ ਸੁਰੇਂਦਰ ਸਿੰਘ ਨੇ ਕਮਿਊਨਿਟੀ ਸੈਂਟਰ ਵਿੱਚ ਇੱਕ ਰੁੱਖ ਲਗਾਇਆ ਅਤੇ ਜਨਤਾ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸ਼ਹਿਰ ਨੂੰ ਸਾਫ਼ ਅਤੇ ਗੰਦਗੀ ਤੋਂ ਮੁਕਤ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਸ਼ਹਿਰ ਵਿੱਚ ਕਿਤੇ ਵੀ ਨਜਾਇਜ਼ ਕਬਜ਼ੇ, ਪੋਲੀਥੀਨ ਦੀ ਵਰਤੋਂ ਅਤੇ ਕੂੜਾ ਸੁੱਟਣ ਤੋਂ ਬਚਣ ਦੀ ਅਪੀਲ ਕੀਤੀ। ਐੱਸ.ਡੀ.ਐੱਮ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਆਮ ਲੋਕਾਂ ਨੂੰ ਨਗਰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਅਤੇ ਸਾਫ਼ ਰੱਖਣ ਲਈ 25 ਅਗਸਤ ਤੋਂ ਹਰਿਆਣਾ ਸ਼ਹਿਰ ਸਫਾਈ ਮੁਹਿੰਮ-2025 ਸ਼ੁਰੂ ਕੀਤੀ ਗਈ ਹੈ। ਐੱਸ.ਡੀ.ਐੱਮ. ਸੁਰੇਂਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਨਾਅਰਾ, ‘ਹਰ ਮੁਹੱਲਾ, ਹਰ ਗਲੀ, ਹਰ ਘਰ ਸਾਫ਼ ਹਰਿਆਣਾ ਦੀ ਪਛਾਣ’, ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਜਨਤਾ ਨੂੰ ਸ਼ਾਮਲ ਕਰਨ ਲਈ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਸਬੰਧਤ ਅਧਿਕਾਰੀਆਂ ਨੂੰ ਸ਼ਹਿਰ ਦੇ ਸਾਰੇ ਵਾਰਡਾਂ ਦੀ ਸਫਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।