ਵਿਗਿਆਨ ਮੇਲਾ: ਸਤਲੁਜ ਸਕੂਲ ਦੇ ਮਾਡਲ ਖਿੱਚ ਦਾ ਕੇਂਦਰ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅੰਬਾਲਾ ਕਾਲਜ ਆਫ਼ ਇੰਜਨੀਅਰਿੰਗ ਐਂਡ ਅਪਲਾਈਡ ਰਿਸਰਚ ਦੇਵ ਸਥਲੀ ਵਿੱਚ ਸੂਬਾ ਪੱਧਰੀ ਵਿਗਿਆਨ ਮੇਲੇ ਦੌਰਾਨ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਵਿਗਿਆਨ ਮੇਲੇ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 360 ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਗੀਦਾਰਾਂ ’ਚ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ। ਉਨ੍ਹਾਂ ਦੱਸਿਆ ਕਿ 12 ਵੀਂ ਜਮਾਤ ਦੀ ਨੀਤਿਕਾ ਤੇ ਪ੍ਰਤੀਕ ਸਿੰਘ, 11 ਵੀਂ ਜਮਾਤ ਦੀ ਹਸ਼ੀਲ ਤੇ ਯੋਗਪ੍ਰੀਤ ਦੀ ਟੀਮ ਨੇ ਵਰਕਿੰਗ ਆਫ ਬਾਇਓਲੋਜੀ ਮਾਡਲ ਸ਼੍ਰੇਣੀ ਵਿੱਚ ਪਹਿਲਾ ਇਨਾਮ ਜਿੱਤਿਆ। ਇਸੇ ਤਰ੍ਹਾਂ 12 ਵੀਂ ਜਮਾਤ ਦੇ ਪਰਵਪ੍ਰੀਤ ਸਿੰਘ ਤੇ ਸ਼ਿਵਾਂਸ਼, 11ਵੀਂ ਜਮਾਤ ਦੇ ਅਤੁਲ ਤੇ ਵੰਸ਼ ਨੇ ਫਿਜ਼ੀਕਸ ਵਰਕਿੰਗ ਮਾਡਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਘੁੰਮਣ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਗਿਆਨ ਮੇਲੇ ਨਾ ਸਿਰਫ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਪ੍ਰਦਾਨ ਕਰਦੇ ਹਨ ਸਗੋਂ ਖੋਜ ਨਵੀਨਤਾ ਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਵਿਗਿਆਨ ਮੇਲੇ ਦੇ ਪ੍ਰੰਬਧਕ ਵੀ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨ ਲਈ ਉਹ ਵੀ ਪ੍ਰਸ਼ੰਸਾ ਦੇ ਹੱਕਦਾਰ ਹਨ। ਇਸ ਦੌਰਾਨ ਉਨ੍ਹਾਂ ਜੇਤੂਆਂ ਦਾ ਸਨਮਾਨ ਕੀਤਾ ਅਤੇ ਸਕੂਲ ਦੇ ਵਿਗਿਆਨ ਅਧਿਆਪਕਾਂ ਰਾਜਬੀਰ ਸਿੰਘ, ਅਰਸ਼ਦੀਪ ਕੌਰ ਤੇ ਗੂੰਜਨ ਨੂੰ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਮੈਨੇਜਰ ਮਨੋਜ ਭਸੀਨ ਤੇ ਹੋਰ ਅਧਿਆਪਕ ਮੌਜੂਦ ਸਨ।