‘ਸੰਵਿਧਾਨ ਬਚਾਓ ਦਿਵਸ’ ਉਤਸ਼ਾਹ ਨਾਲ ਮਨਾਇਆ
ਇੱਥੇ ਅੱਜ ਕਾਂਗਰਸ ਭਵਨ ਰੂਪਨਗਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸੰਵਿਧਾਨ ਬਚਾਓ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਸੰਵਿਧਾਨ ਦੇਸ਼ ਦੇ ਸਮੁੱਚੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਹੱਕਾਂ ਦੀ ਰਾਖੀ ਲਈ ਲਾਗੂ ਕੀਤਾ ਗਿਆ ਸੀ ਪਰ ਮੌਜੂਦਾ ਸਮੇਂ ਭਾਜਪਾ ਸਰਕਾਰ ਦੇ ਆਗੂ ਸੰਵਿਧਾਨਿਕ ਸੰਸਥਾਵਾਂ ਦਾ ਘਾਣ ਕਰ ਰਹੇ ਹਨ ਅਤੇ ਸੰਵਿਧਾਨ ਨੂੰ ਮਨਮਰਜ਼ੀ ਦੇ ਢੰਗ ਨਾਲ ਤੋੜਨ ਮਰੋੜਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਅਸ਼ੋਕ ਵਾਹੀ ਪ੍ਰਧਾਨ ਨਗਰ ਕੌਂਸਲ ਰੂਪਨਗਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਜਨਰਲ ਸਕੱਤਰ ਵਿਸ਼ਵਪਾਲ ਸਿੰਘ ਰਾਣਾ, ਐੱਮ ਸੀ ਪੋਮੀ ਸੋਨੀ, ਲਖਵੰਤ ਸਿੰਘ ਹਿਰਦਾਪੁਰ, ਬਲਾਕ ਪ੍ਰਧਾਨ ਸਰਬਜੀਤ ਸਿੰਘ, ਕੌਂਸਲਰ ਪਰਮਿੰਦਰ ਪਿੰਕਾ, ਰਮੇਸ ਗੋਇਲ, ਰਾਜੇਸ਼ਵਰ ਲਾਡੀ ਅਤੇ ਦਫ਼ਤਰ ਸਕੱਤਰ ਭੁਪਿੰਦਰ ਸਿੰਘ ਹਾਜ਼ਰ ਸਨ।
ਅੰਬਾਲਾ (ਸਰਬਜੀਤ ਸਿੰਘ ਭੱਟੀ): ਪੁਲੀਸ ਲਾਈਨ ਅੰਬਾਲਾ ਸ਼ਹਿਰ ਵਿੱਚ ਅੱਜ ਸੰਵਿਧਾਨ ਦਿਵਸ ਮੌਕੇ ਜ਼ਿਲ੍ਹਾ ਪੁਲੀਸ ਨੇ ਭਾਰਤੀ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਅਤੇ ਫਰਜ਼ਾਂ ਦੀ ਅਦਾਇਗੀ ਦੀ ਸਹੁੰ ਚੁੱਕੀ। ਸਮਾਗਮ ਦੀ ਅਗਵਾਈ ਕਰਦਿਆਂ ਐੱਸ ਪੀ ਅਜੀਤ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਸਮਾਨਤਾ ਦੇ ਅਧਿਕਾਰ ਨਾਲ ਸਸ਼ਕਤ ਕਰਦਾ ਹੈ।
ਮਿਨੀ ਸਕੱਤਰੇਤ ’ਚ ਸਮਾਗਮ
ਪੰਚਕੂਲਾ (ਪੀ ਪੀ ਵਰਮਾ): ਸੰਵਿਧਾਨ ਦਿਵਸ ਮਨਾਉਣ ਲਈ ਅੱਜ ਸੈਕਟਰ 1 ਦੇ ਮਿਨੀ ਸਕੱਤਰੇਤ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ। ਉਨ੍ਹਾਂ ਸੰਵਿਧਾਨ ਦਿਵਸ ਦੀ ਮਹੱਤਤਾ ਅਤੇ ਅੱਜ ਦੇ ਸੰਦਰਭ ਵਿੱਚ ਇਸ ਦੀ ਸਾਰਥਕਤਾ ਬਾਰੇ ਦੱਸਿਆ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸ੍ਰਿਸ਼ਟੀ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਨਿਸ਼ਾ ਯਾਦਵ, ਐੱਸ ਡੀ ਐੱਮ ਚੰਦਰਕਾਂਤ ਕਟਾਰੀਆ ਮੌਜੂਦ ਸਨ।
