ਸੰਪਤ ਸਿੰਘ ਨੇ ਨਿੱਜ ਖ਼ਾਤਰ ਕਾਂਗਰਸ ਛੱਡੀ: ਕੈਲਾਸ਼ੋ ਸੈਣੀ
ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ ਨੇ ਸੰਪਤ ਸਿੰਘ ਦੇ ਇਨੈਲੋ ਵਿੱਚ ਸ਼ਾਮਲ ਹੋਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਫ਼ੈਸਲਾ ਪਾਰਟੀ ਨਾਲ ਵਿਸ਼ਵਾਸਘਾਤ ਹੈ। ਕੈਲਾਸ਼ੋ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸੰਪਤ ਸਿੰਘ ਦਾ ਸਨਮਾਨ ਕੀਤਾ ਹੈ ਤੇ ਉਨ੍ਹਾਂ ਨੂੰ ਪਾਰਟੀ ’ਚ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ। ਉਨ੍ਹਾਂ ਕਿਹਾ ਕਿ ਸੰਪਤ ਸਿੰਘ ਨੇ ਸਵਾਰਥ ਲਈ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਤੇ ਭੁਪਿੰਦਰ ਸਿੰਘ ਹੁੱਡਾ ’ਤੇ ਭਾਈ ਭਤੀਜਾਵਾਦ ਦੇ ਦੋਸ਼ ਲਾ ਰਹੇ ਸਨ ਜੋ ਪਾਰਟੀ ਦੇ ਸਿਧਾਂਤਾਂ ਦੇ ਖ਼ਿਲਾਫ਼ ਸੀ। ਉਨ੍ਹਾਂ ਕਿਹਾ ਕਿ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤੇ ਇੰਜਨੀਅਰ ਦਾ ਪੁੱਤਰ ਇੰਜਨੀਅਰ ਬਣਦਾ ਹੈ। ਉਨ੍ਹਾਂ ਕਿਹਾ ਕਿ ਸੰਪਤ ਸਿੰਘ ਨੇ ਆਪਣੇ ਪੁੱਤਰ ਗੌਰਵ ਸੰਪਤ ਸਿੰਘ ਨੂੰ ਨਿੱਜੀ ਤੌਰ ’ਤੇ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਵਿਚ ਉਹ ਸ਼ਾਮਲ ਹੋਏ ਹਨ, ਉਹ ਪਹਿਲਾਂ ਹੀ ਬੁਰੀ ਤਰ੍ਹਾਂ ਭਾਈ ਭਤੀਜਾਵਾਦ ਦਾ ਸ਼ਿਕਾਰ ਹੈ। ਸਾਬਕਾ ਸੰਸਦ ਨੇ ਕਿਹਾ ਕਿ ਕਾਂਗਰਸ ਸਿਰਫ ਸੱਤਾ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਜਨਤਕ ਸੇਵਾ ਨੂੰ ਸਭ ਤੋਂ ਉਪਰ ਰਖੱਦੀ ਹੈ। ਸੰਪਤ ਸਿੰਘ ਵਰਗੇ ਆਗੂ ਆਪਣੀਆਂ ਰਾਜਨੀਤਕ ਇਛਾਵਾਂ ਨੂੰ ਪੂਰਾ ਕਰਨ ਲਈ ਪਾਰਟੀ ਦੀਆਂ ਨੀਤੀਆਂ ਤੇ ਸਿਧਾਂਤਾ ਨੂੰ ਤਿਆਗ ਰਹੇ ਹਨ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਅਜਿਹੀਆਂ ਚਾਲਾਂ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ।
