ਸੈਣੀ ਵੱਲੋਂ ਸੰਤਾਂ ਤੇ ਰਿਸ਼ੀਆਂ ਨਾਲ ਮੁਲਾਕਾਤ
ਸਤਪਾਲ ਰਾਮਗੜ੍ਹੀਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਸੰਗਮੇਸ਼ਵਰ ਮਹਾਦੇਵ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਮੰਦਰ ਦੇ ਮਹੰਤ ਵਿਸ਼ਵਨਾਥ ਗਿਰੀ ਦੀ ਅਗਵਾਈ ਹੇਠ, ਬ੍ਰਾਹਮਣਾਂ ਨੇ ਵਿਧੀਵਤ ਪੂਜਾ ਕੀਤੀ। ਮੁੱਖ ਮੰਤਰੀ ਨੇ ਸੰਗਮੇਸ਼ਵਰ ਮਹਾਦੇਵ ਮੰਦਰ ਦਾ ਦੌਰਾ ਕੀਤਾ ਅਤੇ ਸੰਤਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੈਣੀ ਨੇ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਸਾਉਣ ਦੇ ਮਹੀਨੇ ਵਿੱਚ ਉਨ੍ਹਾਂ ਨੂੰ ਸੰਗਮੇਸ਼ਵਰ ਮਹਾਦੇਵ ਮੰਦਰ ਵਿੱਚ ਰਾਜ ਦੇ ਲੋਕਾਂ ਦੀ ਚੰਗੀ ਸਿਹਤ, ਉੱਜਵਲ ਭਵਿੱਖ ਅਤੇ ਤਰੱਕੀ ਲਈ ਅਰਦਾਸ ਕਰਨ ਦਾ ਮੌਕਾ ਮਿਲਿਆ। ਸੇਵਾਦਲ ਦੇ ਮੈਨੇਜਰ ਭੂਸ਼ਣ ਗੌਤਮ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਸਕੱਤਰ ਮਹੰਤ ਵਿਸ਼ਵਨਾਥ ਗਿਰੀ ਨੇ ਮੁੱਖ ਮੰਤਰੀ ਨੂੰ ਰੁਦਰਕਸ਼ ਦੀ ਮਾਲਾ ਦੇਕੇ ਅਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਦੁਨੀਆ ਵਿੱਚ ਉੱਭਰਿਆ ਹੈ। ਦੇਸ਼ ਵਿੱਚ ਹਰ ਵਰਗ ਲਈ ਲੋਕ ਭਲਾਈ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਆਪ੍ਰੇਸ਼ਨ ਸਿੰਦੂਰ ਅਤੇ ਮਹਾਦੇਵ ਆਪ੍ਰੇਸ਼ਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਸੰਸਦ ਵਿੱਚ ਤਾੜੀਆਂ ਬਟੋਰਨ ਲਈ ਸੰਸਦ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਸੈਸ਼ਨ ਦੇ ਦੋ ਦਿਨਾਂ ਵਿੱਚ ਹੀ ਦੇਸ਼ ਦੇ ਸਾਹਮਣੇ ਸੱਚਾਈ ਰੱਖ ਦਿੱਤੀ। ਇਸ ਮੌਕੇ ਕਈ ਭਾਜਪਾ ਆਗੂ ਅਤੇ ਹੋਰ ਹਿੰਦੂ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ।