ਗੁਰਦੁਆਰਾ ਟੋਕਾ ਸਾਹਿਬ ’ਚ ਸਫ਼ਰ-ਏ-ਦਸਮੇਸ਼ ਸਮਾਗਮ
ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਫ਼ਰ-ਏ-ਦਸਮੇਸ਼ ਸੇਵਾ ਸੁਸਾਇਟੀ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਪਾਤਸ਼ਾਹੀ ਦਸਵੀਂ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਈ ਕਮਲਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਹਰਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੁੱਢਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ ਸਮੇਤ ਹੋਰ ਰਾਗੀ ਜਥਿਆਂ ਨੇ ਸੰਗਤਾਂ ਨੂੰ ਕਥਾ, ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਇਹ ਸਮਾਗਮ ਕਰਵਾਉਣ ਲਈ ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਕਥਾਵਾਚਕ ਜਗਜੀਤ ਸਿੰਘ ਨੇ ਸੰਗਤ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਰਾਜਾ ਮੇਦਿਨੀ ਪ੍ਰਕਾਸ਼ ਦੀ ਬੇਨਤੀ ’ਤੇ ਨਾਹਣ ਗਏ ਸਨ। ਗੁਰਦੁਆਰਾ ਸ੍ਰੀ ਨਾਢਾ ਸਾਹਿਬ ਤੋਂ ਲੈ ਕੇ ਪਾਉਂਟਾ ਸਾਹਿਬ ਤੱਕ, ਜਿੱਥੇ ਵੀ ਗੁਰੂ ਸਾਹਿਬ ਜੀ ਠਹਿਰੇ, ਇਹ ਪ੍ਰੋਗਰਾਮ, ਸਫਰ-ਏ-ਦਸਮੇਸ਼ ਸਮਾਗਮ, ਸੰਗਤ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਵਿਖੇ ਦਸਮ ਪਿਤਾ ਜੀ ਦੀਆ ਬਖਸ਼ਿਸ਼ਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸੰਗਤ ਨੂੰ ਲਗਾਤਾਰ ਵਾਹਿਗੁਰੂ ਦਾ ਨਾਮ ਜਪਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਖਤਿਆਰ ਸਿੰਘ, ਸੁਖਪਾਲ ਸਿੰਘ, ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ, ਸੁਖਦਰਸ਼ਨ ਸਿੰਘ ਬੇਰਖੇੜੀ, ਜਰਨੈਲ ਸਿੰਘ ਅਤੇ ਸਰਵਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।
ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਮਸਤਗੜ੍ਹ ਸਾਹਿਬ ਤੋਂ ਚੱਲ ਰਹੀ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ ਅੱਜ ਦੀ ਪ੍ਰਭਾਤ ਫੇਰੀ ਜਸਪਾਲ ਸਿੰਘ ਦੇ ਘਰ ਪੁੱਜੀ। ਤੜਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਸੰਗਤ ਸ਼ਬਦ ਕੀਰਤਨ ਕਰਦੀ ਹੋਈ ਆਯੋਜਕ ਪਰਿਵਾਰ ਦੇ ਘਰ ਪੁੱਜੀ। ਜਿੱਥੇ ਪਰਿਵਾਰ ਵੱਲੋਂ ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਰਾਹ ਵਿਚ ਵੀ ਸ਼ਰਧਾਲੂਆਂ ਦੇ ਘਰਾਂ ਵਿਚ ਅਰਦਾਸ ਕੀਤੀ ਗਈ। ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਗੁਰੂ ਜੀ ਦੇ ਜੀਵਨ ’ਤੇ ਚਾਨਣਾ ਪਾਇਆ।
