ਰਾਸ਼ਟਰ ਨਿਰਮਾਣ ’ਚ ਸੰਘ ਦੀ ਭੂਮਿਕਾ ਸ਼ਲਾਘਾਯੋਗ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਕਈ ਹਮਲਿਆਂ ਦੇ ਬਾਵਜੂਦ ਕਦੇ ਵੀ ਕੋਈ ਤਲਖ਼ੀ ਨਹੀਂ ਦਿਖਾਈ ਅਤੇ ‘ਰਾਸ਼ਟਰ ਪ੍ਰਥਮ’ ਦੇ ਸਿਧਾਂਤ ’ਤੇ ਚਲਦਿਆਂ ਆਪਣਾ ਕੰਮ ਜਾਰੀ ਰੱਖਿਆ। ਇਥੇ ਸੰਘ ਦੀ ਸਥਾਪਨਾ ਦੇ ਸ਼ਤਾਬਦੀ ਸਬੰਧੀ ਸਮਾਗਮ ’ਚ ਹਿੱਸਾ ਲੈਂਦਿਆਂ ਮੋਦੀ ਨੇ ਰਾਸ਼ਟਰ ਨਿਰਮਾਣ ’ਚ ਸੰਘ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਜਾਤ-ਪਾਤ ਦੇ ਵਿਤਕਰੇ ਨੂੰ ਦੂਰ ਕਰਕੇ ਸਦਭਾਵਨਾ ਨੂੰ ਹੱਲਾਸ਼ੇਰੀ ਦੇਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਸਮਾਜ ਦਾ ਪੂਰੇ ਮੁਲਕ ’ਚ ਸੁਨੇਹਾ ਦਿੱਤਾ। ਮੋਦੀ ਨੇ ਕਿਹਾ, ‘‘ਸੰਘ ਨੇ ਅੰਗਰੇਜ਼ਾਂ ਦੇ ਜ਼ੁਲਮਾਂ ਖ਼ਿਲਾਫ਼ ਲੜਾਈ ਲੜੀ ਹੈ। ਉਨ੍ਹਾਂ ਦਾ ਹਿੱਤ ਹਮੇਸ਼ਾ ਰਾਸ਼ਟਰ ਪ੍ਰਤੀ ਪਿਆਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸੰਘ ਦੇ ਸਵੈਮਸੇਵਕਾਂ ਨੇ ਆਜ਼ਾਦੀ ਸੰਗਰਾਮੀਆਂ ਨੂੰ ਪਨਾਹ ਦਿੱਤੀ ਸੀ ਅਤੇ ਆਜ਼ਾਦੀ ਦੇ ਸੰਘਰਸ਼ ਦੌਰਾਨ ਉਸ ਦੇ ਆਗੂ ਜੇਲ੍ਹ ਵੀ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਸ਼ ਲਗਾ ਕੇ ਅਤੇ ਝੂਠੇ ਮਾਮਲੇ ਦਰਜ ਕਰਕੇ ਸੰਘ ਦੀ ਭਾਵਨਾ ਨੂੰ ਦਰੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਮਹਾਤਮਾ ਗਾਂਧੀ ਦੀ ਹੱਤਿਆ ਮਗਰੋਂ ਆਰ ਐੱਸ ਐੱਸ ’ਤੇ ਲੱਗੀ ਪਾਬੰਦੀ ਦਾ ਹਵਾਲਾ ਦਿੱਤਾ। ਉਨ੍ਹਾਂ ਹਰੇਕ ਸਵੈਮਸੇਵਕ ਦਾ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ’ਚ ਅਟੁੱਟ ਵਿਸ਼ਵਾਸ ਹੋਣ ਦਾ ਦਾਅਵਾ ਕੀਤਾ। ਪ੍ਰਧਾਨ ਮੰਤਰੀ ਨੇ ਆਰ ਐੱਸ ਐੱਸ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਦੇ ਸਬੰਧ ’ਚ ਇਕ ਵਿਸ਼ੇਸ਼ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਵੀ ਜਾਰੀ ਕੀਤੇ। ਉਨ੍ਹਾਂ ਕਿਹਾ ਕਿ 100 ਰੁਪਏ ਦੇ ਸਿੱਕੇ ਦੇ ਇਕ ਪਾਸੇ ਕੌਮੀ ਚਿੰਨ੍ਹ ਹੈ ਤਾਂ ਦੂਜੇ ਪਾਸ ਸ਼ੇਰ ’ਤੇ ਵਿਰਾਜਮਾਨ ਭਾਰਤ ਮਾਤਾ ਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਕਰੰਸੀ ’ਤੇ ਭਾਰਤ ਮਾਤਾ ਦੀ ਤਸਵੀਰ ਅੰਕਿਤ ਕੀਤੀ ਗਈ ਹੈ। -ਪੀਟੀਆਈ
’84 ਦੇ ਦੰਗਿਆਂ ’ਚ ਕਈ ਸਿੱਖਾਂ ਨੂੰ ਸਵੈਮਸੇਵਕਾਂ ਨੇ ਦਿੱਤੀ ਸੀ ਪਨਾਹ: ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਆਰ ਐੱਸ ਐੱਸ ਦੇ ਸਵੈਮਸੇਵਕਾਂ ਨੇ 1984 ਦੇ ਦੰਗਿਆਂ ਦੌਰਾਨ ਕਈ ਸਿੱਖਾਂ ਨੂੰ ਪਨਾਹ ਦਿੱਤੀ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਕੌਮੀ ਰਾਜਧਾਨੀ ਦਿੱਲੀ ਅਤੇ ਹੋਰ ਕਈ ਸੂਬਿਆਂ ’ਚ ਸਿੱਖ ਵਿਰੋਧੀ ਦੰਗੇ ਹੋਏ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁੱਲ ਕਲਾਮ ਅਤੇ ਪ੍ਰਣਬ ਮੁਖਰਜੀ ਵੀ ਸੰਘ ਦੇ ਕੰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਵੀ ਵਰਧਾ ’ਚ ਸੰਘ ਦੇ ਕੈਂਪ ਦਾ ਦੌਰਾ ਕਰਕੇ ਉਸ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸੰਘ ਮੁਖੀ ਮੋਹਨ ਭਾਗਵਤ ਨੇ ਸਮਾਜਿਕ ਸਦਭਾਵਨਾ ਦਾ ਸਪੱਸ਼ਟ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 1971 ਦੇ ਸੰਕਟ ਦੌਰਾਨ ਜਦੋਂ ਪੂਰਬੀ ਪਾਕਿਸਤਾਨ ਤੋਂ ਲੱਖਾਂ ਸ਼ਰਨਾਰਥੀ ਭਾਰਤ ਆਏ ਸਨ ਤਾਂ ਸੰਘ ਦੇ ਸਵੈਮਸੇਵਕਾਂ ਨੇ ਉਨ੍ਹਾਂ ਲਈ ਭੋਜਨ, ਟਿਕਾਣੇ ਅਤੇ ਸਿਹਤ ਸੇਵਾਵਾਂ ਦਾ ਜੁਗਾੜ ਕੀਤਾ ਸੀ। -ਪੀਟੀਆਈ
ਸੰਘ ਦੇ 100 ਸਾਲਾਂ ਦੇ ਸਫ਼ਰ ਪਿੱਛੇ ਲੋਕਾਂ ਦਾ ਸਨੇਹ ਅਤੇ ਹਮਾਇਤ: ਹੋਸਾਬਲੇ
ਨਵੀਂ ਦਿੱਲੀ: ਆਰ ਐੱਸ ਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਨੇ ਕਿਹਾ ਕਿ ਸੰਘ ਨੇ ਪਿਛਲੇ 100 ਸਾਲਾਂ ਤੋਂ ਵਿਰੋਧ ਦੇ ਬਾਵਜੂਦ ਲੋਕਾਂ ਦੇ ਸਨੇਹ ਕਾਰਨ ਸਭ ਤੋਂ ਵੱਡਾ ਸਵੈਮਸੇਵੀ ਸੰਗਠਨ ਬਣਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਘ ਦੀ ਸ਼ਤਾਬਦੀ ਦੇ ਸਬੰਧ ’ਚ ਇਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਤੋਂ ਕੁਝ ਮਿੰਟ ਪਹਿਲਾਂ ਹੋਸਾਬਲੇ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਇਸ ਕਦਮ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੰਘ ਦੀ ਬਿਨਾਂ ਕਿਸੇ ਸੁਆਰਥ ਦੇ ਕੰਮਾਂ ਨੂੰ ਮਾਨਤਾ ਪ੍ਰਦਾਨ ਕਰਨ ਦੇ ਬਰਾਬਰ ਹੈ। -ਪੀਟੀਆਈ