ਔਰਤਾਂ ਦੇ ਖਾਤਿਆਂ ਪਾਏ ਜਾਣਗੇ 2100 ਰੁਪਏ: ਸੁਮਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਤੇ ਹਰਿਆਣਾ ਰਾਜ ਬਾਲ ਵਿਕਾਸ ਪਰਿਸ਼ਦ ਦੀ ਉਪ ਚੇਅਰਪਰਸ਼ਨ ਸੁਮਨ ਸੈਣੀ ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਵਿਚ ਇੱਕ ਹੋਰ ਕਦਮ ਵਧਾਉਂਦਿਆਂ ਹਰਿਆਣਾ ਸਰਕਾਰ ਨੇ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਸ਼ੁਰੂ ਕੀਤੀ। ਸਮਾਜਿਕ ਨਿਆਂ ਸ਼ਕਤੀਕਰਨ, ਅਨੂਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਤੇ ਅੰਤੋਦਿਆ ਵਿਭਾਗਾਂ ਰਾਹੀਂ ਹੁਣ ਪਹਿਲੀ ਨਵੰਬਰ ਹਰਿਆਣਾ ਦਿਵਸ ਮੌਕੇ ਇੱਕ ਕਿੱਲਕ ਨਾਲ ਅਰਜ਼ੀ ਦੇਣ ਵਾਲੀਆਂ ਔਰਤਾਂ ਦੇ ਖਾਤਿਆਂ ਵਿਚ 2100 ਰੁਪਏ ਟਰਾਂਸਫਰ ਕੀਤੇ ਜਾਣਗੇ। ਸੁਮਨ ਸੈਣੀ ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਕੁਰੂਕਸ਼ੇਤਰ ਦੀ ਜਨਰਲ ਸਕੱਤਰ ਰੀਨਾ ਸੈਣੀ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰੀ ਨੌਕਰੀਆਂ ਦੀ ਨਿਲਾਮੀ ਕੀਤੀ ਜਾਂਦੀ ਸੀ ਮਜਦੂਰਾਂ, ਕਿਸਾਨਾਂ, ਵਪਾਰੀਆਂ ਦੇ ਯੋਗ ਬੱਚਿਆਂ ਨੂੰ ਵੀ ਅਕਸਰ ਅਯੋਗ ਠਹਿਰਾਇਆ ਜਾਂਦਾ ਸੀ। ਭਾਜਪਾ ਸਰਕਾਰ ਵਿਚ ਯੋਗਤਾ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੰਨਾ ਕਿਸਾਨਾਂ ਦੇ ਹਿੱਤ ਵਿਚ ਫ਼ੈਸਲਾ ਲੈਂਦਿਆਂ ਸੂਬੇ ਵਿਚ ਗੰਨੇ ਦਾ ਭਾਅ 415 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜੋ ਕਿ ਦੇਸ਼ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਤਿੰਨ ਹਜ਼ਾਰ ਤੋਂ ਵਧਾ ਕੇ 32 ਸੌ ਰੁਪਏ ਕੀਤੀ ਹੈ। ਇਸ ਮੌਕੇ ਪਰਮਜੀਤ ਕੌਰ ਕਸ਼ਯਪ, ਨੇਹਾ ਸੈਣੀ, ਭਾਜਪਾ ਮੰਡਲ ਬਾਬੈਨ ਦੇ ਪ੍ਰਧਾਨ ਵਿਕਾਸ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਜੱਸੀ, ਡਿੰਪਲ ਸੈਣੀ, ਸ਼ਿਵ ਦਿਆਲ ਜੰਡੋਲਾ, ਸੁਖਬੀਰ ਖਿੜਕੀ ਆਦਿ ਮੌਜੂਦ ਸਨ।
