ਰੋਟਰੀ ਕਲੱਬ ਨੇ ਦੀਵਾਲੀ ਦਾ ਜਸ਼ਨ ਮਨਾਇਆ
ਸਥਾਨਕ ਰੋਟਰੀ ਕਲੱਬ ਨੇ ਦੀਵਾਲੀ ਮੌਕੇ ਕੁਰੂਕਸ਼ੇਤਰ ਦੇ ਇੱਕ ਹੋਟਲ ਵਿੱਚ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਸ ਸਮਾਗਮ ਵਿੱਚ ਸਾਰੇ ਰੋਟੇਰੀਅਨ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ ਅਤੇ ਬੜੇ ਹੀ ਪਿਆਰ, ਉਤਸ਼ਾਹ ਅਤੇ ਏਕਤਾ ਦੀ ਭਾਵਨਾ ਨਾਲ ਰੌਸ਼ਨੀ ਦੇ ਇਸ ਤਿਉਹਾਰ ਦਾ ਜਸ਼ਨ ਮਨਾਇਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰ.ਐੱਸ. ਘੁੰਮਣ ਨੇ ਸਾਰੇ ਰੋਟੇਰੀਅਨਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ, ‘ਦੀਵਾਲੀ ਸਿਰਫ਼ ਰੌਸ਼ਨੀਆਂ ਦਾ ਹੀ ਤਿਉਹਾਰ ਨਹੀਂ ਹੈ, ਇਹ ਹਨੇਰੇ ’ਤੇ ਰੌਸ਼ਨੀ, ਬੁਰਾਈ ’ਤੇ ਚੰਗਿਆਈ ਅਤੇ ਨਿਰਾਸ਼ਾ ’ਤੇ ਉਮੀਦ ਦੀ ਜਿੱਤ ਦਾ ਪ੍ਰਤੀਕ ਹੈ।’ ਉਨ੍ਹਾਂ ਕਿਹਾ ਕਿ ਇਸ ਸ਼ੁਭ ਮੌਕੇ ’ਤੇ ਸਾਨੂੰ ਸਾਰਿਆਂ ਨੂੰ ਮਨੁੱਖਤਾ, ਸੇਵਾ ਅਤੇ ਸਦਭਾਵਨਾ ਦੇ ਪ੍ਰਕਾਸ਼ ਨਾਲ ਦੁਨੀਆ ਨੂੰ ਰੌਸ਼ਨ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਰੋਟਰੀ ਦੀ ਅਸਲ ਭਾਵਨਾ ਸੇਵਾ ਅਤੇ ਸਦਭਾਵਨਾ ਵਿੱਚ ਹੈ ਅਤੇ ਅਜਿਹੇ ਸਮਾਗਮ ਇਸ ਦੀ ਇੱਕ ਸੁੰਦਰ ਮਿਸਾਲ ਹਨ। ਰੋਟਰੀ ਸਕੱਤਰ ਵਿਕਰਮ ਗੁਪਤਾ ਨੇ ਕਿਹਾ ਕਿ ਦੀਵਾਲੀ ਸਾਨੂੰ ਆਪਣੇ ਜੀਵਨ ਅਤੇ ਸਮਾਜ ਦੇ ਹਰ ਕੋਨੇ ਤੋਂ ਹਨੇਰਾ ਦੂਰ ਕਰਨਾ ਸਿਖਾਉਂਦੀ ਹੈ, ਭਾਵੇਂ ਉਹ ਅਗਿਆਨਤਾ ਦਾ ਹੋਵੇ ਜਾਂ ਅਸਮਾਨਤਾ ਦਾ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨੇ ਹਮੇਸ਼ਾ ਸਮਾਜ ਦੀ ਸੇਵਾ ਅਤੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਪਰਿਵਾਰਕ ਸਮਾਗਮ ਸਾਨੂੰ ਇੱਕਜੁੱਟ ਰੱਖਣ ਵਿੱਚ ਮਦਦ ਕਰਦੇ ਹਨ। ਪ੍ਰੋਜੈਕਟ ਚੇਅਰਮੈਨ ਵਿਪੁਲ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।