Rohtak ASI suicide ਸੰਦੀਪ ਕੁਮਾਰ ਦੇ ਪੋਸਟਮਾਰਟਮ ਨੂੰ ਲੈ ਕੇ ਖੜੋਤ ਬਰਕਰਾਰ, ਪਰਿਵਾਰ ਐੱਫਆਈਆਰ ਦਰਜ ਕਰਨ ’ਤੇ ਬਜ਼ਿੱਦ
ਹਰਿਆਣਾ ਪੁਲੀਸ ਦੇ ਏਐੱਸਆਈ ਸੰਦੀਪ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ, ਪੋਸਟਮਾਰਟਮ ਨੂੰ ਲੈ ਕੇ ਇੱਕ ਖੜੋਤ ਬਣੀ ਹੋਈ ਹੈ। ਪਰਿਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਸੰਦੀਪ ਦੇ ਖ਼ੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ, ਲਾਸ਼ ਪੁਲੀਸ ਨੂੰ ਨਹੀਂ ਸੌਂਪੀ ਜਾਵੇਗੀ।ਸੰਦੀਪ ਦੀ ਲਾਸ਼ ਇਸ ਸਮੇਂ ਲਾਢੌਤ ਪਿੰਡ ਵਿੱਚ ਉਸ ਦੇ ਮਾਮੇ ਦੇ ਘਰ ਰੱਖੀ ਗਈ ਹੈ, ਜਿੱਥੇ ਪਿੰਡ ਵਾਸੀ ਵੀ ਪਰਿਵਾਰ ਦੇ ਸਮਰਥਨ ਵਿੱਚ ਇਕੱਠੇ ਹੋ ਰਹੇ ਹਨ।
ਪਰਿਵਾਰ ਦਾ ਦੋਸ਼ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਨੇ ਚਾਰ ਪੰਨਿਆਂ ਦੇ ਖ਼ੁਦਕੁਸ਼ੀ ਨੋਟ ਵਿੱਚ ਮਰਹੂਮ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਕੁਝ ਸੀਨੀਅਰ ਅਧਿਕਾਰੀਆਂ ਅਤੇ ਸਾਥੀਆਂ ਵਿਰੁੱਧ ਭ੍ਰਿਸ਼ਟਾਚਾਰ ਅਤੇ ਜਾਤੀ ਅਧਾਰਤ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਫੌਰੀ ਇਨ੍ਹਾਂ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਉਪਰੋਕਤ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਇਸ ਦੌਰਾਨ ਨਾਇਬ ਸਿੰਘ ਸੈਣੀ ਨੇ ਮਰਹੂਮ ਏਐੱਸਆਈ ਸੰਦੀਪ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਨੈਲੋ ਆਗੂ ਸੁਨੈਨਾ ਚੌਟਾਲਾ ਨੇ ਵੀ ਪਿੰਡ ਪਹੁੰਚ ਕੇ ਪਰਿਵਾਰ ਨਾਲ ਦੁੱਖ ਜਤਾਇਆ।
ਸੰਦੀਪ ਦੇ ਚਚੇਰੇ ਭਰਾ ਸੰਜੈ ਨੇ ਕਿਹਾ, ‘‘ਅਸੀਂ ਲਾਸ਼ ਪੋਸਟਮਾਰਟਮ ਲਈ ਉਦੋਂ ਤੱਕ ਨਹੀਂ ਸੌਂਪਾਂਗੇ ਜਦੋਂ ਤੱਕ ਖੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਨਹੀਂ ਹੋ ਜਾਂਦੀ। ਸਾਡੇ ਭਰਾ ਨੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।’’
ਇਹ ਵੀ ਪੜ੍ਹੋ: IPS suicide case ਪਰਿਵਾਰ ਪੋਸਟ ਮਾਰਟਮ ਲਈ ਰਾਜ਼ੀ, ਸ਼ਾਮੀਂ 4 ਵਜੇ ਹੋਵੇਗਾ ਸਸਕਾਰ
ਮੰਗਲਵਾਰ ਦੇਰ ਰਾਤ ਰੋਹਤਕ ਦੇ ਏਐਸਪੀ ਪ੍ਰਤੀਕ ਅਗਰਵਾਲ ਅਤੇ ਐਸਡੀਐਮ ਆਸ਼ੀਸ਼ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਲਬਾਤ ਬੇਸਿੱਟਾ ਰਹੀ। ਤਣਾਅਪੂਰਨ ਮਾਹੌਲ ਕਾਰਨ ਪਿੰਡ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।
ਏਐਸਆਈ ਸੰਦੀਪ ਕੁਮਾਰ ਨੇ ਮੰਗਲਵਾਰ ਦੁਪਹਿਰ ਨੂੰ ਲਾਢੌਤ ਪਿੰਡ ਦੇ ਬਾਹਰਵਾਰ ਇੱਕ ਕਮਰੇ ਵਿੱਚ ਆਪਣੀ ਸਰਵਿਸ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਉਹ ਰੋਹਤਕ ਪੁਲੀਸ ਸੁਪਰਡੈਂਟ ਦੇ ਦਫ਼ਤਰ ਦੇ ਸਾਈਬਰ ਸੈੱਲ ਵਿੱਚ ਤਾਇਨਾਤ ਸੀ। ਘਟਨਾ ਸਥਾਨ ਤੋਂ ਚਾਰ ਪੰਨਿਆਂ ਦਾ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ, ਜਿਸ ਵਿੱਚ ਸੰਦੀਪ ਨੇ ਮਰਹੂਮ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਅਤੇ ਉਨ੍ਹਾਂ ਦੇ ਅਧੀਨ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਏ।
ਉਂਝ ਖੁਦਕੁਸ਼ੀ ਕਰਨ ਤੋਂ ਪਹਿਲਾਂ, ਸੰਦੀਪ ਨੇ 6 ਮਿੰਟ 28 ਸਕਿੰਟ ਦਾ ਇੱਕ ਵੀਡੀਓ ਰਿਕਾਰਡ ਕੀਤਾ ਜਿਸ ਵਿੱਚ ਉਸ ਨੇ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਸਾਬਕਾ ਪੁਲੀਸ ਸੁਪਰਡੈਂਟ ਨਰੇਂਦਰ ਬਿਜਾਰਨੀਆ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ। ਇਹ ਵੀਡੀਓ ਹੁਣ ਪੁਲੀਸ ਜਾਂਚ ਅਧੀਨ ਹੈ।