ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਕਾਰਨ ਰਤੀਆ ਸ਼ਹਿਰ ਦੀਆਂ ਸੜਕਾਂ ਜਲ-ਥਲ

ਰਾਹਗੀਰ ਹੋਏ ਪ੍ਰੇਸ਼ਾਨ; ਨਗਰਪਾਲਿਕਾ ਦਾ ਦਫ਼ਤਰ ਵੀ ਪਾਣੀ ਵਿੱਚ ਡੁੱਬਿਆ
Advertisement

ਕੁਲਭੂਸ਼ਨ ਕੁਮਾਰ ਬਾਂਸਲ

ਰਤੀਆ, 30 ਜੂਨ

Advertisement

ਮੌਨਸੂਨ ਆਉਂਦੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇੱਥੇ ਅੱਜ ਮੀਂਹ ਪੈਣ ਕਾਰਨ ਕਈ ਥਾਵਾਂ ’ਤੇ ਜਲ-ਥਲ ਹੋ ਗਈ। ਹੁਣ ਜਦੋਂ ਮੀਂਹ ਵਰ੍ਹਨ ਲੱਗਿਆ ਹੈ ਤਾਂ ਇੱਕੋ ਦਮ ਮੌਸਮ ਨੇ ਕਰਵਟ ਲੈ ਲਈ। ਤਿੱਖੀ ਅਤੇ ਤੇਜ਼ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ। ਅੱਜ ਕਈ ਨੀਵੇਂ ਬਾਜ਼ਾਰਾਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਕਈ ਫੁੱਟ ਪਾਣੀ ਭਰ ਗਿਆ। ਉਧਰ, ਕਿਸਾਨਾਂ ਵਿਚ ਵੀ ਮੀਂਹ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਜ਼ਿਆਦਾਤਰ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਫਸਲ ਨੂੰ ਪਾਣੀ ਦੀ ਬੇਹੱਦ ਲੋੜ ਹੁੰਦੀ ਹੈ। ਮੀਂਹ ਵਰ੍ਹਦਾ ਹੈ ਤਾਂ ਫਸਲ ਨੂੰ ਲੋੜੀਂਦਾ ਪਾਣੀ ਮਿਲ ਜਾਂਦਾ ਹੈ ਅਤੇ ਕਿਸਾਨਾਂ ਦੇ ਖਰਚੇ ਵੀ ਘਟ ਜਾਂਦੇ ਹਨ। ਮੀਂਹ ਕਾਰਨ ਕਈ ਘਰਾਂ ਵਿੱਚ ਪਾਣੀ ਵੜ ਗਿਆ ਹੈ। ਇਸ ਕਾਰਨ ਲੋਕਾਂ ਦਾ ਸਾਮਾਨ ਵੀ ਖਰਾਬ ਹੋ ਗਿਆ ਹੈ।

ਉਧਰ, ਦੂਜੇ ਪਾਸੇ ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਤੀਆ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੌਨਸੂਨ ਦੀ ਇਸ ਪਹਿਲੀ ਬਾਰਿਸ਼ ਵਿਚ ਨਗਰਪਾਲਿਕਾ ਦੇ ਪਾਣੀ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਪਹਿਲੀ ਬਾਰਿਸ਼ ਵਿੱਚ ਖੁਦ ਨਗਰਪਾਲਿਕਾ ਦਾ ਦਫਤਰ ਪਾਣੀ ਵਿਚ ਡੁੱਬਿਆ ਦਿਖਾਈ ਦਿੱਤਾ। ਅਜਿਹੇ ਵਿਚ ਨਗਰਪਾਲਿਕਾ ਤੋਂ ਸ਼ਹਿਰ ਵਿਚ ਪਾਣੀ ਨਿਕਾਸੀ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ। ਅੱਜ ਮੁੱਖ ਬਾਜ਼ਾਰ ਅਤੇ ਮੇਨ ਸੜਕਾਂ ’ਤੇ ਪਾਣੀ ਖੜ੍ਹਾ ਦਿਖਾਈ ਦਿੱਤਾ। ਇਸ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਨਰਾਇਣਗੜ੍ਹ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ

ਨਰਾਇਣਗੜ੍ਹ (ਪੱਤਰ ਪ੍ਰੇਰਕ): ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਦੱਸਿਆ ਕਿ ਤਹਿਸੀਲ ਦਫ਼ਤਰ ਨਰਾਇਣਗੜ੍ਹ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01734-284002 ਜਾਰੀ ਕੀਤਾ ਗਿਆ ਹੈ। ਲੋਕ 24 ਘੰਟੇ ਕਿਸੇ ਵੀ ਸਮੇਂ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਐੱਸਡੀਐੱਮ ਨੇ ਕਿਹਾ ਕਿ ਹੜ੍ਹ ਕੰਟਰੋਲ ਰੂਮ ਵਿੱਚ 24 ਘੰਟੇ ਸਟਾਫ ਨੂੰ ਰੋਟੇਸ਼ਨ ਦੇ ਆਧਾਰ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਜਾ ਸਕਣ। ਉਨ੍ਹਾਂ ਸਬ-ਡਿਵੀਜ਼ਨ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੀਂਹ ਦਾ ਪਾਣੀ ਇਕੱਠਾ ਹੋਣ ਜਾਂ ਹੜ੍ਹ ਵਰਗੀ ਸਥਿਤੀ ਦੀ ਸੂਰਤ ਵਿੱਚ ਤੁਰੰਤ ਹੜ੍ਹ ਕੰਟਰੋਲ ਰੂਮ ਨਾਲ ਸੰਪਰਕ ਕਰਨ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰਨ। ਐੱਸਡੀਐੱਮ ਨੇ ਬੀਡੀਪੀਓ, ਨਗਰ ਸਕੱਤਰ, ਸਿੰਜਾਈ ਵਿਭਾਗ ਦੇ ਅਧਿਕਾਰੀਆਂ ਅਤੇ ਨਾਇਬ ਤਹਿਸੀਲਦਾਰ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਮੀਂਹ ਅਤੇ ਹੜ੍ਹ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੜ੍ਹ ਕੰਟਰੋਲ ਹੈਲਪਲਾਈਨ ਨੰਬਰ ਬਾਰੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ।

Advertisement