ਸੜਕ ਕਿਨਾਰੇ ਝਾੜੀਆਂ ਕਾਰਨ ਹਾਦਸਾ ਵਾਪਰੇ ਤਾਂ ਰੋਡ ਏਜੰਸੀ ਹੋਵੇਗੀ ਜ਼ਿੰਮੇਵਾਰ
ਵਧੀਕ ਡਿਪਟੀ ਕਮਿਸ਼ਨਰ ਵਿਵੇਕ ਆਰੀਆ ਨੇ ਇੱਥੇ ਜ਼ਿਲ੍ਹਾ ਸੜਕ ਸੁਰੱਖਿਆ ਸਮਿਤੀ ਅਤੇ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਕੂਲ ਬੱਸਾਂ ਦੀ ਲਗਾਤਾਰ ਜਾਂਚ, ਸੁਰੱਖਿਅਤ ਸਕੂਲ ਵਾਹਨ ਨੀਤੀ ਦੇ ਤਹਿਤ ਜ਼ਰੂਰੀ ਤੌਰ ’ਤੇ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਜਨ-ਨੁਕਸਾਨ ਨਾ ਹੋਵੇ ਇਸ ਲਈ ਸਾਰੇ ਵਿਭਾਗ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨ੍ਹਾਂ ਨੇ ਸਾਰੀ ਰੋਡ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਕਿ ਜ਼ਿਲ੍ਹੇ ਦੀਆਂ ਸਾਰੀ ਸੜਕਾਂ ’ਤੇ ਲੋੜ ਮੁਤਾਬਕ ਸੋਲਡਰ ਸਹੀ ਕਰਵਾਇਆ ਜਾਵੇ। ਜਿਨ੍ਹਾਂ ਸਥਾਨਾਂ ’ਤੇ ਝਾੜੀਆਂ ਜਾਂ ਉਨ੍ਹਾਂ ਦੀਆਂ ਟਹਿਣੀਆਂ ਨਾਲ ਹਾਦਸਾ ਵਾਪਰਨ ਦਾ ਖ਼ਤਰਾ ਹੋਵੇ, ਉਨ੍ਹਾਂ ਨੂੰ ਤੁਰੰਤ ਦਰੁੱਸਤ ਕਰਵਾਇਆ ਜਾਵੇ। ਉਨ੍ਹਾਂ ਨੇ ਸਖ਼ਤੀ ਨਾਲ ਕਿਹਾ ਕਿ ਜੇਕਰ ਸੜਕ ਕਿਨਾਰੇ ਉੱਗੀਆਂ ਝਾੜੀਆਂ ਕਾਰਨ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰ ਰੋਡ ਸਬੰਧਿਤ ਏਜੰਸੀ ਹੋਵੇਗੀ। ਅਧਿਕਾਰੀ ਨੇ ਨਾਲ ਹੀ ਸੜਕਾਂ ਉੱਤੇ ਪਏ ਟੋਇਆਂ ਨੂੰ ਪੈਚ ਵਰਕ ਕਰਕੇ ਠੀਕ ਕਰਨ ਅਤੇ ਆਮ ਯਾਤਰੀਆਂ ਨੂੰ ਸੜਕ ਸੁਰੱਖਿਆ ਦੇ ਨੇਮਾਂ ਦੀ ਪਾਲਣਾ ਕਰਦੇ ਹੋਏ ਹਦਾਇਤਾਂ ਕੀਤੀਆਂ ਕਿ ਉਹ ਅਪਣੇ ਵਾਹਨ ਉੱਤੇ ਨਿਯਮ ਅਨੁਸਾਰ ਹੀ ਸਵਾਰੀਆਂ ਬਿਠਾਉਣ ਤਾਂ ਹਾਦਸਿਆਂ ਤੋਂ ਬਚਿਆ ਜਾ ਸਕੇ।
