ਸੇਵਾਮੁਕਤ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਸੇਵਾਮੁਕਤ ਕਰਮਚਾਰੀ ਯੂਨੀਅਨ ਹਰਿਆਣਾ ਨਾਲ ਸਬੰਧਤ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ‘ਤੇ, ਸਾਰੇ ਬਲਾਕਾਂ ਦੇ ਸੇਵਾਮੁਕਤ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਵੀਂ ਅਨਾਜ ਮੰਡੀ ’ਤੇ ਧਰਨਾ ਦਿੱਤਾ । ਇਸ ਦੌਰਾਨ ਕਰਮਚਾਰੀਆਂ ਨੇ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਜਲੂਸ ਦੇ ਰੂਪ ਵਿੱਚ ਮਿਨੀ ਸਕੱਤਰੇਤ ਪਹੁੰਚੇ ਅਤੇ ਪ੍ਰਧਾਨ ਮੰਤਰੀ ਦੇ ਨਾਮ ’ਤੇ ਸੀਟੀਐੱਮ ਨੂੰ ਮੰਗਾਂ ਦਾ ਮੰਗ ਪੱਤਰ ਸੌਂਪਿਆ । ਧਰਨਾ ਪ੍ਰਦਰਸ਼ਨ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਸੋਮਨਾਥ ਨੇ ਕੀਤਾ। ਧਰਨੇ ਵਿੱਚ ਮੌਜੂਦ ਸੀਨੀਅਰ ਸੂਬਾ ਆਗੂ ਜਰਨੈਲ ਸਿੰਘ ਸਾਂਗਵਾਨ, ਸਾਬਕਾ ਯੂਨੀਅਨ ਆਗੂ ਬੂਟਾ ਰਾਮ ਅਤੇ ਐੱਸਕੇਐੱਸ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਸੇਵਾਮੁਕਤ ਕਰਮਚਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੈਨਸ਼ਨ ਦੇ ਅਧਿਕਾਰ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ । ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਪੈਨਸ਼ਨ ਵਿੱਤ ਬਿੱਲ 25 ਦਸੰਬਰ ਤੱਕ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ 8ਵੇਂ ਤਨਖਾਹ ਕਮਿਸ਼ਨ ਦੇ ਸਾਰੇ ਲਾਭਾਂ ਤੋਂ ਵਾਂਝਾ ਕਰਦਾ ਹੈ। ਭਾਜਪਾ ਦੀ ਇਸ ਪਾੜੋ ਤੇ ਰਾਜ ਕਰੋ ਨੀਤੀ ਨੂੰ ਪਛਾਣਦੇ ਹੋਏ, ਕਰਮਚਾਰੀਆਂ ਨੂੰ ਇੱਕਠੇ ਹੋ ਕੇ ਵਿਰੋਧ ਕਰਨਾ ਪਵੇਗਾ। ਜੇ ਸਰਕਾਰ ਪੈਨਸ਼ਨ ਵਿੱਤ ਬਿੱਲ ਨੂੰ ਵਾਪਸ ਨਹੀਂ ਲੈਂਦੀ ਹੈ, ਤਾਂ 17 ਸਤੰਬਰ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ।