ਮੋਘਿਆਂ ’ਚ ਫੇਰਬਦਲ: ਪਾਣੀ ਛੱਡਣ ’ਤੇ ਚੌਟਾਲਾ ਡਿਸਟ੍ਰੀਬਿਊਟਰੀ ’ਚ ਪਾੜ
ਪਿਛਲੇ ਦਿਨੀਂ ਟੇਲ ਤੱਕ ਪਾਣੀ ਨਾ ਪੁੱਜਣ ਖ਼ਿਲਾਫ਼ ਚੌਟਾਲਾ ਪਿੰਡ ਦੇ ਕਿਸਾਨਾਂ ਨੇ 11 ਦਿਨ ਧਰਨਾ ਦਿੱਤਾ ਸੀ। ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਦੀ ਸਖ਼ਤੀ ਨਾਲ 24 ਮੋਘਿਆਂ ਵਿੱਚ ਫੇਰਬਦਲ ਹੋਇਆ ਸੀ। ਇਸ ਤੋਂ ਖਫ਼ਾ ਮਾਈਨਰ ਦੇ ਮੱਧ ਖੇਤਰ ਦੇ 10 ਪਿੰਡਾਂ ਦੇ ਕਿਸਾਨ ਪਿਛਲੇ ਛੇ ਦਿਨਾਂ ਤੋਂ ਜੰਡਵਾਲਾ ਪੁਲੀ ਨੇੜੇ ਧਰਨੇ ’ਤੇ ਬੈਠੇ ਹਨ। ਰੋਸ ਵਜੋਂ ਉਨ੍ਹਾਂ ਕਰੀਬ 24 ਮੋਘਿਆਂ ਮੂਹਰੇ ਕੰਧਾਂ ਕੱਢ ਦਿੱਤੀਆਂ। ਕਿਸਾਨਾਂ ਦਾ ਦੋਸ਼ ਹੈ ਕਿ ਵਿਭਾਗ ਨੇ ਬਿਨਾਂ ਸੋਚੇ-ਸਮਝੇ ਪਾਣੀ ਛੱਡਿਆ, ਜਿਸ ਨਾਲ ਮਾੜੀ ਮਾਈਨਰ ਦਬਾਅ ਨਹੀਂ ਝੱਲ ਸਕੀ। ਵਿਭਾਗ ਨੇ ਇਸ ਪਾੜ ਦਾ ਕਾਰਨ ਕੰਢੇ ਦੇ ਰੁੱਖ ਦੀਆਂ ਜੜਾਂ ’ਚ ਪਾਣੀ ਰਿਸਾਅ ਦੱਸਿਆ।
ਕਿਸਾਨ ਆਗੂ ਦਯਾ ਰਾਮ ਉਲਾਨੀਆ ਨੇ ਕਿਹਾ ਜੇਕਰ ਪਾਣੀ 4-5 ਘੰਟੇ ਪਹਿਲਾਂ ਛੱਡਿਆ ਜਾਂਦਾ ਤਾਂ ਪੈਟਰੋਲਿੰਗ ਨਾਲ ਮਾਈਨਰ ਨੂੰ ਟੁੱਟਣੋਂ ਬਚਾਇਆ ਜਾ ਸਕਦਾ ਸੀ। ਕਿਸਾਨ ਅਤੁਲ ਸਹਾਰਣ ਨੇ ਕਿਹਾ ਕਿ ਉਸ ਦੀ 12 ਏਕੜ ਫਸਲ ਡੁੱਬ ਗਈ। ਹਨੂੰਮਾਨ ਛਿੰਪਾ ਨੰਬਰਦਾਰ, ਸੁਰਜੀਤ ਸਿੰਘ, ਮਨੋਜ ਸੋਨੀ ਤੇ ਹੋਰਾਂ ਦੀਆਂ ਤਿਆਰ ਫ਼ਸਲਾਂ ਮਾਈਨਰ ’ਚ ਪਾੜ ਕਰਕੇ ਬਰਬਾਦ ਹੋ ਗਈਆਂ, ਉਨ੍ਹਾਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਕਾਰਜਕਾਰੀ ਇੰਜਨੀਅਰ ਮਨਦੀਪ ਬੇਨੀਵਾਲ ਨੇ ਕਿਹਾ ਕਿ ਪਾੜ ਪੂਰਿਆ ਜਾ ਰਿਹਾ ਹੈ। ਮਾਈਨਰ ਦੀ ਮੁੜ ਉਸਾਰੀ ਲਈ ਕਰੀਬ 9 ਕਰੋੜ ਦਾ ਐਸਟੀਮੇਟ ਤਕਨੀਕੀ ਮਨਜ਼ੂਰੀ ਲਈ ਭੇਜਿਆ ਹੈ। ਦੋ-ਤਿੰਨ ਮਹੀਨੇ ’ਚ ਟੈਂਡਰ ਜਾਰੀ ਹੋਣਗੇ।