ਕੁਰੂਕਸ਼ੇਤਰ ’ਵਰਸਿਟੀ ’ਚ ਰਤਨਾਵਲੀ ਉਤਸਵ ਦਾ ਉਦਘਾਟਨ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਚਾਰ ਰੋਜ਼ਾ ਸੂਬਾ ਪੱਧਰੀ ਰਤਨਾਵਲੀ ਉਤਸਵ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਮਦਦ ਕਰਦੇ ਹਨ। ਇਸ ਮੌਕੇ ਉਨ੍ਹਾਂ ਹਰਿਆਣਵੀ ਭਾਸ਼ਾ ਵਿੱਚ ਨਿਊਜ਼ ਲੈਟਰ ਵੀ ਜਾਰੀ ਕੀਤਾ। ਰਤਨਾਵਲੀ ਉਤਸਵ ਵਿੱਚ ਦਸਤਕਾਰੀ ਮੇਲਾ ਖਿੱਚ ਦਾ ਕੇਂਦਰ ਰਿਹਾ। ਮੇਲੇ ਦਾ ਨਿਰੀਖਣ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਸਤਕਾਰੀ ਮੇਲੇ ਵਿਚ ਸਵੈ ਨਿਰਭਰ ਭਾਰਤ ਦੀ ਝਲਕ ਦਿਖਾਈ ਦਿੰਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਇਹ ਯੂਨੀਵਰਸਿਟੀ ਦੀ ਸਾਰਥਕ ਪਹਿਲ ਹੈ ਜਿਸ ਵਿੱਚ ਨੌਜਵਾਨਾਂ ਨੂੰ ਆਪਣੇ ਹੱਥੀਂ ਤਿਆਰ ਕੀਤੇ ਉਤਪਾਦਾਂ ਨੂੰ ਪ੍ਰਦਸ਼ਿਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਵੀ ਨਿਊਜ਼ ਲੈਟਰ ਜਾਰੀ ਕੀਤਾ। ਇਹ ਲੈਟਰ ਹਰਿਆਣਵੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਇੰਸਟੀਚਿਊਟ ਆਫ਼ ਮਾਸ ਕਮਿਊਨਿਕੇਸ਼ਨ ਐਂਡ ਮੀਡੀਆ ਟੈਕਨਾਲੋਜੀ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਰਵਿੰਦ ਸ਼ਰਮਾ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਵਾਈਸ ਚਾਂਸਲਰ ਸੋਮ ਨਾਥ ਸਚਦੇਵਾ, ਰਜਿਸਟਰਾਰ ਵਰਿੰਦਰ ਪਾਲ, ਇੰਸਟੀਚਿਊਟ ਦੇ ਡਾਇਰੈਕਟਰ ਮਹਾਂ ਸਿੰਘ ਪੂਨੀਆ ਆਦਿ ਮੌਜੂਦ ਸਨ। ਮੁੱਖ ਮੰਤਰੀ ਨੇ ਵਾਈਸ ਚਾਂਸਲਰ ਨੂੰ ਹਰਿਆਣਵੀ ਬੋਲੀ ਵਿੱਚ ਨਿਊਜ਼ ਲੈਟਰ ਪ੍ਰਕਾਸ਼ਿਤ ਕਰਨ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਿਊਜ਼ ਲੈਟਰ ਹਰਿਆਣਵੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਿੱਚ ਇਕ ਕ੍ਰਾਂਤੀਕਾਰੀ ਸ਼ੁਰੂਆਤ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ ਇਕ ਨਿਊਜ਼ ਲੈਟਰ ਲਾਂਚ ਕਰਨਾ ਨਹੀਂ ਹੈ ਸਗੋਂ ਹਰਿਆਣਵੀ ਭਾਸ਼ਾ ਦਾ ਪ੍ਰਚਾਰ ਕਰਨਾ ਹੈ। ਇਹ ਭਵਿੱਖ ਵਿਚ ਹਰਿਆਣਵੀ ਨਿਊਜ਼ ਲੈਟਰ ਪੱਤਰਕਾਰੀ ਲਈ ਇਕ ਮਹੱਤਵਪੂਰਨ ਨੀਂਹ ਸਾਬਤ ਹੋਵੇਗਾ।
