ਰਾਮਪਾਲ ਮਾਜਰਾ ਵੱਲੋਂ ਨਰਵਾਣਾ ਹਲਕੇ ਦਾ ਦੌਰਾ
ਨਰਵਾਣਾ ਹਲਕੇ ਦੇ ਤਿੰਨ ਦਿਨਾਂ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨੇ ਆਗਾਮੀਂ 25 ਸਤੰਬਰ ਨੂੰ ਰੋਹਤਕ ਵਿੱਚ ਦੇਵੀ ਲਾਲ ਦੀ ਜੈਅੰਤੀ ਮੌਕੇ ਕਰਵਾਏ ਸਨਮਾਨ ਸਮਾਰੋਹ ਲਈ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਦੇਵੀ ਲਾਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਤਦ ਉਨ੍ਹਾਂ ਨੇ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਹੋਏ ਸਭ ਤੋਂ ਪਹਿਲਾਂ ਸਾਈਕਲ, ਰੇਡੀਓ, ਟੈਲੀਵੀਜ਼ਨ, ਤੰਬਾਕੁ ਅਤੇ ਟ੍ਰੈਕਟਰ ਉੱਤੇ ਲੱਗੇ ਟੈਕਸ ਨੂੰ ਸਮਾਪਤ ਕੀਤਾ ਸੀ। ਛੇ ਏਕੜ ਦਾ ਮਾਲੀਆ ਮੁਆਫ਼ ਕੀਤਾ, ਗਰੀਬ ਦੀ ਲੜਕੀ ਦੇ ਵਿਆਹ ਵਿੱਚ ਕੰਨਿਆਦਾਨ ਦੀ ਸਕੀਮ ਚਲਾਈ, ਪਿੰਡ-ਪਿੰਡ ਵਿੱਚ ਸਾਰੀ ਜਾਤੀਆਂ ਦੀ ਚੋਪਾਲਾਂ ਬਣਾਈਆਂ, ਸੜਕਾਂ ਦਾ ਨਿਰਮਾਣ ਕਰਵਾਇਆ, ਗਲੀਆਂ ਪੱਕੀਆਂ ਕਰਵਾਈਆਂ, ਸਰਕਾਰੀ ਸਕੂਲ ਕਾਲਜ, ਹਸਪਤਾਲਾਂ ਵਿੱਚ ਨਹਿਰੀ ਪਾਣੀ ਲਈ ਜਲ-ਘਰ ਬਣਵਾਏ।
ਉਨ੍ਹਾਂ ਕਿਹਾ ਕਿ ਵਿਕਾਸ ਦੇ ਕਾਰਜ ਕਰਵਾਉਂਦੇ ਹੋਏ ਕੰਮ ਦੇ ਬਦਲੇ ਅਨਾਜ ਦੀ ਸਕੀਮ ਚਲਾਈ। ਹੜ੍ਹ ਜਾਂ ਹੋਰ ਕਾਰਨਾਂ ਕਾਰਨ ਕਿਸਾਨ ਦੀ ਫਸਲ ਖਰਾਬ ਹੋਣ ’ਤੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਦਾ ਕਾਨੂੰਨ ਬਣਾਇਆ ਅਤੇ ਗਰੀਬ ਲੋਕਾਂ ਨੂੰ ਬੀ.ਪੀ.ਐੱਲ. ਰਾਸ਼ਨ ਕਾਰਡ ਦੀ ਸੁਵਿਧਾ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਭਾਜਪਾ ਸਰਕਾਰ ਵਿੱਚ ਅਨੇਕਾਂ ਗਰੀਬ ਲੋਕਾਂ ਦੇ ਬੀ.ਪੀ.ਐੱਲ. ਕਾਰਡ ਕੱਟੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ 25 ਸਤੰਬਰ ਨੂੰ ਦੇਵੀ ਲਾਲ ਦੀ ਜੈਅੰਤੀ ਰੈਲੀ ਵਿੱਚ ਵੱਡੀ ਗਿਣਤੀ ’ਚ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਨੈਲੋ ਹਰਿਆਣਾ ਵਿੱਚ ਮੁੜ ਅਪਣੀ ਸਰਕਾਰ ਬਣਾਵੇਗੀ।